ਚੰਡੀਗੜ੍ਹ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢ ਕੇ ਵੰਨ-ਸੁਵੰਨਤਾ ਲਿਆਉਣ ਅਤੇ ਕਿਸਾਨੀ ਦੀ ਆਰਥਿਕਤਾ ਮਜ਼ਬੂਤ ਕਰਨ ਦੇ ਮਿਸ਼ਨ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਿਸਾਨਾਂ ਨੂੰ ਸੋਇਆਬੀਨ ਦਾ ਬੀਜ ਮੁਫਤ ਦੇ ਕੇ 60 ਏਕੜ ਰਕਬੇ ਅੰਦਰ ਕਾਸ਼ਤ ਕਰਵਾਈ ਗਈ।
ਯੂਨੀਵਰਸਿਟੀ ਦੇ ਵਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੀ ਅਗਵਾਈ ਹੇਠ ਕੀਤੇ ਗਏ ਇਸ ਉਪਰਾਲੇ ਤਹਿਤ ਨੇੜਲੇ ਪਿੰਡ ਜਗਤਪੁਰ ਦੇ ਉੱਘੇ ਕਿਸਾਨ ਮਹਿੰਦਰ ਸਿੰਘ ਦੋਸਾਂਝ ਦੇ ਖੇਤਾਂ ਵਿੱਚ ਅੱਜ ਸੋਇਆਬੀਨ ਦੀ ਕਟਾਈ ਸਮੇਂ ਵੱਖ ਵੱਖ ਪਿੰਡਾਂ ਤੋਂ ਕਿਸਾਨ ਪੁੱਜੇ। ਇਸ ਉਪਰਾਲੇ ਦੀ ਸਫ਼ਲਤਾ ਵਜੋਂ ਫਸਲ ਦੀ ਕਟਾਈ ਕੰਬਾਈਨ ਨਾਲ ਹੁੰਦੀ ਦੇਖ ਕੇ ਕਿਸਾਨ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਅਹਿਦ ਲਿਆ ਕਿ ਉਹ ਮੁਹਿੰਮ ਨਾਲ ਜੁੜਨਗੇ ਅਤੇ ਇਸ ਦੇ ਹੋਰ ਪ੍ਰਚਾਰ ਤੇ ਪ੍ਰਸਾਰ ਲਈ ਦੂਜੇ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨਗੇ।
ਇਸ ਮੌਕੇ ਜੁੜੇ ਕਿਸਾਨਾਂ ਨਾਲ ਇਸ ਪ੍ਰਕਿਰਿਆ ਸਬੰਧੀ ਸਾਂਝ ਪਾਉਂਦਿਆਂ ਮਹਿੰਦਰ ਸਿੰਘ ਦੋਸਾਂਝ ਨੇ ਦੱਸਿਆ ਕਿ ਸੋਇਆਬੀਨ ਦੀ ਬਿਜਾਈ ਬੈੱਡ ਵਾਲੀ ਡਰਿੱਲ ਮਸ਼ੀਨ ਨਾਲ ਕੀਤੀ ਗਈ ਸੀ ਜਿਸ ਲਈ ਕੇਵੀਕੇ ਵੱਲੋਂ ਨਦੀਨਨਾਸ਼ਕ ਦਵਾਈ ਤੇ ਬੀਜ ਮੁਫ਼ਤ ਦਿੱਤਾ ਗਿਆ। ਇਸ ਫ਼ਸਲ ਨੂੰ ਸਿਰਫ ਇੱਕ ਵਾਰ ਪਾਣੀ ਲਾਉਣਾ ਪਿਆ ਅਤੇ ਸੁੰਡੀ ਦੀ ਸ਼ਿਕਾਇਤ ’ਤੇ ਸਿਰਫ 50 ਮਿਲੀਲਿਟਰ ਦਵਾਈ ਦਾ ਸਪਰੇਅ ਇੱਕ ਪੰਪ ਨਾਲ ਕੀਤਾ। ਉਪੰਰਤ ਫਸਲ ਦੀ ਕਟਾਈ ਕੰਬਾਈਨ ਨਾਲ ਕਰ ਕੇ ਦੋ ਏਕੜ ਦਾ ਪਲਾਟ 40 ਮਿੰਟ ਵਿੱਚ ਕੱਟ ਕੇ ਵਿਹਲੇ ਹੋ ਗਏ।
ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਡਿਪਟੀ ਡਾਇਰੈਕਟਰ ਡਾ. ਜੁਗਰਾਜ ਸਿੰਘ ਨੇ ਕਿਹਾ ਕਿ ਦਾਲਾਂ ਦਾ ਕਿਸਾਨੀ ਵਿੱਚ ਬਹੁਤ ਵੱਡਾ ਮਹੱਤਵ ਹੈ ਅਤੇ ਇਨ੍ਹਾਂ ਦੀ ਕਾਸ਼ਤ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਜਿਸ ਨਾਲ ਕਿਸਾਨਾਂ ਨੂੰ ਹੋਰ ਰਸਾਇਣਕ ਖਾਦਾਂ ਦਾ ਇਸਤੇਮਾਲ ਘੱਟ ਮਾਤਰਾ ਵਿੱਚ ਕਰਨ ਦੀ ਲੋੜ ਪੈਂਦੀ ਹੈ।
ਬੁਲਾਰਿਆਂ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਨੇ ਸੋਇਆਬੀਨ ਦੀ ਕਾਸ਼ਤ ਵਾਲੇ ਖੇਤਾਂ ਦੀ ਉਪਜ 4000 ਰੁਪਏ ਪ੍ਰਤੀ ਕੁਇੰਟਲ ਖਰੀਦਣ ਦੀ ਹਾਮੀ ਭਰੀ ਸੀ ਜਦੋਂ ਕਿ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਵਿੱਚ ਇਸ ਦੀ ਪ੍ਰਤੀ ਕੁਇੰਟਲ 5000 ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ ਕਿਸਾਨ ਜਿਵੇਂ ਚਾਹੁਣ ਆਪਣੀ ਉਪਜ ਵੇਚ ਸਕਦੇ ਹਨ।