ਚੰਡੀਗੜ੍ਹ : ਝੋਨੇ ਦੀ ਪਰਾਲੀ ਕਿਸਾਨਾਂ ਲਈ ‘ਜੀ ਦਾ ਜੰਜਾਲ’ ਬਣੀ ਹੋਈ ਹੈ । ਪਰਾਲੀ ਦਾ ਕੋਈ ਠੋਸ ਹੱਲ ਨਾ ਹੋਣ ਕਾਰਨ ਕਿਸਾਨਾਂ ਨੂੰ ਅੱਗ ਲੱਗਾ ਕੇ ਹੀ ਨਿਪਟਾਰਾ ਕਰਨਾ ਪੈਂਦਾ ਹੈ ।ਇਸ ਵਾਰ ਦੀਵਾਲੀ ਤੇ ਪਰਾਲੀ ਦਾ ਧੂੰਆਂ ਮਿੱਲ ਕੇ ਵਾਤਾਵਰਨ ਨੂੰ ਬਹੁਤ ਹੀ ਪ੍ਰਦੂਸ਼ਣ ਕਰ ਦਿੱਤਾ ਹੈ ।ਜਿੱਥੇ ਪਰਾਲੀ ਸੜ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਕਰਦੀ ਹੈ ਓਥੇ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਤੁਸੀਂ ਬਹੁਤ ਸਾਰਾ ਲਾਭ ਲੈ ਸਕਦੇ ਹੋ ।ਪੰਜਾਬ ਵਿੱਚ ਇਸ ਸਾਲ ਝੋਨਾ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਬੀਜਿਆ ਗਿਆ ਹੈ ਜਿਸ ਤੋਂ 200 ਲੱਖ ਟਨ ਤੋਂ ਵੱਧ ਪਰਾਲੀ ਉਤਪੰਨ ਹੋਵੇਗੀ। ਬਾਸਮਤੀ ਨੂੰ ਛੱਡ ਕੇ ਬਾਕੀ ਝੋਨੇ ਦੀ ਕਟਾਈ ਜ਼ਿਆਦਾਤਰ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਜਿਸ ਕਰਕੇ ਬਹੁਤ ਵੱਡੀ ਤਾਦਾਦ ਵਿੱਚ ਪਰਾਲੀ ਨੂੰ ਖੇਤਾਂ ਵਿੱਚ ਹੀ ਰਹਿ ਜਾਂਦੀ ਹੈ।


ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਬਿਜਾਈ ਲਈ ਕਿਸਾਨਾਂ ਕੋਲ ਬਹੁਤ ਘੱਟ ਸਮਾਂ ਰਹਿ ਜਾਂਦਾ ਹੈ, ਇਸ ਲਈ ਉਨ੍ਹਾਂ ਵੱਲੋਂ ਅਗਲੀ ਫ਼ਸਲ ਦੀ ਬਿਜਾਈ ਸਮੇਂ-ਸਿਰ ਕਰਨ ਲਈ ਝੋਨੇ ਦੀ ਪਰਾਲੀ ਨੂੰ ਸਾੜ ਦਿੱਤਾ ਜਾਂਦਾ ਹੈ। ਪਰਾਲੀ ਜਲਾਉਣ ਨਾਲ ਪੈਦਾ ਹੋਈ ਤਪਸ਼ ਨਾਲ ਧਰਤੀ ਦੀ ਨਮੀ, ਫ਼ਾਇਦੇਮੰਦ ਕੀਟਾਣੂਆਂ ਅਤੇ ਮਿੱਟੀ ਦੀ ਗੁਣਵੱਤਾ ਨੂੰ ਵੀ ਨੁਕਸਾਨ ਪਹੁੰਚਦਾ ਹੈ ਜਦੋਂਕਿ ਨਾੜ ਨੂੰ ਸਾੜਨ ਦੀ ਬਜਾਏ ਇਹਨਾਂ ਲਾਭਦਾਇਕ ਕੰਮਾਂ ਲਈ ਵਰਤਿਆ ਜਾ ਸਕਦਾ ਹੈ।

ਚਾਰੇ ਤੇ ਡੰਗਰਾਂ ਹੇਠਾਂ ਸੁੱਕ ਦੇ ਤੋਰ ਤੇ – ਕੁਦਰਤੀ ਤੌਰ ਤੇ ਗਲਣ ਨਾਲ ਪਰਾਲੀ ਵਿਚ ਪ੍ਰੋਟੀਨ ਦੀ ਮਾਤਰਾ ਕਾਫ਼ੀ ਹੁੰਦੀ ਹੈ , ਜੋ ਕਿ ਡੰਗਰਾਂ ਲਈ ਲਾਭਦਾਇਕ ਹੋ ਸਕਦੀ ਹੈ ।ਪਰਾਲੀ ਨੂੰ ਗਵਾਂਢੀ ਰਾਜਾਂ ਜਿਵੇਂ ਰਾਜਸਥਾਨ ਵਿਚ ਭੇਜਣ ਦੀ ਸੰਭਾਵਨਾ ਹੋ ਸਕਦੀ ਹੈ । ਪਸ਼ੂਆਂ ਹੇਠਾਂ ਸਿਆਲਾਂ ਵਿਚ ਸੁੱਕ ਪਾਉਣ ਲਈ ਕੁਤਰੀ ਪਰਾਲੀ ਵਰਤ ਕੇ ਇਸ ਦੀ ਕੰਪੋਸਟ ਤਿਆਰ ਕੀਤੀ ਜਾ ਸਕਦੀ ਹੈ ।

ਮਲਚਿੰਗ: ਕਿਸਾਨ ਪਰਾਲੀ ਨੂੰ ਸਾਂਭ ਲੈਣ ਤਾਂ ਇਸ ਨੂੰ ਅਗਲੇ ਸਮੇਂ ਵਿਚ ਬੀਜਣ ਵਾਲੀਆਂ ਵੱਖ-ਵੱਖ ਫ਼ਸਲਾਂ ਵਿਚ ‘ਮਲਚਿੰਗ’ ਕਰਨ ਲਈ ਵਰਤਿਆ ਜਾ ਸਕਦਾ ਹੈ। ਅਨੇਕਾਂ ਕਿਸਾਨ ਝੋਨੇ ਦੀ ਪਰਾਲੀ ਨਾਲ ਬਾਗ਼ਾਂ, ਕਮਾਦ ਅਤੇ ਸਬਜ਼ੀਆਂ ਵਿਚ ਮਲਚਿੰਗ ਕਰ ਰਹੇ ਹਨ। ਮਲਚਿੰਗ ਪਾਣੀ ਦੀ ਬੱਚਤ ਕਰਨ ਲਈ ਵੀ ਕਾਫ਼ੀ ਲਾਹੇਵੰਦ ਸਿੱਧ ਹੁੰਦੀ ਹੈ ਕਿਉਂਕਿ ਜੇਕਰ ਫਰਵਰੀ ਮਹੀਨੇ ਵਿਚ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਦੇ ਖੇਤਾਂ ਵਿਚ ਖ਼ਾਲੀ ਰਹਿ ਜਾਣ ਵਾਲੀ ਜਗ੍ਹਾ ‘ਤੇ 10 ਇੰਚ ਪਰਾਲੀ ਦੀ ਤਹਿ ਲੱਗਾ ਦਿੱਤੀ ਜਾਵੇ ਤਾਂ ਸੂਰਜ ਦੀ ਸਿੱਧੀ ਰੌਸ਼ਨੀ ਜ਼ਮੀਨ ‘ਤੇ ਨਾ ਪੈ ਸਕਣ ਕਾਰਨ ਜ਼ਮੀਨ ਵਿਚ ਖੁਸ਼ਕਪਨ ਨਹੀਂ ਆਵੇਗਾ ਜਿਸ ਕਾਰਨ ਪਾਣੀ ਵੀ ਖਪਤ ਘੱਟ ਹੋਵੇਗੀ ਅਤੇ ਖੇਤਾਂ ਵਿਚ ਨਦੀਨਾਂ ਦੀ ਰੋਕਥਾਮ ਦਾ ਖਰਚਾ ਵੀ ਘਟੇਗਾ।

ਇਸ ਤੋਂ ਇਲਾਵਾ ਹਲਦੀ ਵਿਚ ਵੀ ਪਾਣੀ ਦੀ ਜ਼ਿਆਦਾ ਜ਼ਰੂਰਤ ਨੂੰ ਘਟਾਉਣ ਲਈ ਗਰਮੀ ਦੇ ਦਿਨਾਂ ਵਿਚ ਪਰਾਲੀ ਦੀ ਤਹਿ ਵਿਛਾ ਕੇ ‘ਮਲਚਿੰਗ’ ਕੀਤੀ ਜਾ ਸਕਦੀ ਹੈ। ਬਾਗ਼ਾਂ ਵਿਚ ਵੀ ਫਲਦਾਰ ਬੂਟਿਆਂ ਵਿਚਲੀ ਖ਼ਾਲੀ ਪਈ ਥਾਂ ‘ਤੇ ਕਿਸਾਨਾਂ ਵੱਲੋਂ ਇਸ ਤਕਨੀਕ ਨੂੰ ਅਪਣਾਇਆ ਜਾ ਸਕਦਾ ਹੈ। ਮਲਚਿੰਗ ਲਈ ਖੇਤ ਵਿਚ ਵਿਛਾਈ ਗਈ ਪਰਾਲੀ ਗਲ ਸੜ ਕੇ ਜ਼ਮੀਨ ਦੇ ਉਪਜਾਊਪਣ ਅਤੇ ਜੈਵਿਕ ਮਾਦੇ ਨੂੰ ਵੀ ਵਧਾਉਂਦੀ ਹੈ। ਅਜਿਹੇ ਫ਼ਾਇਦਿਆਂ ਕਾਰਨ ਕਿਸਾਨ ਮਲਚਿੰਗ ਰਾਹੀਂ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਦੇ ਇਲਾਵਾ ਜ਼ਮੀਨ ਦੀ ਸਿਹਤ ਵੀ ਸੁਧਾਰ ਸਕਦੇ ਹਨ।

ਬਾਇਓ ਗੈਸ ਪਲਾਂਟ : ਪੰਜਾਬ ਯੂਨੀਵਰਸਿਟੀ ਵੱਲੋਂ ਪਰਾਲੀ ਨਾਲ ਚੱਲਣ ਵਾਲੇ ਬਾਇਓ ਗੈਸ ਪਲਾਂਟ ਦੀ ਸਿਫ਼ਾਰਿਸ਼ ਕੀਤੀ ਗਈ ਹੈ । ਇਸ ਵਿਚ ਗੋਹੇ ਤੇ ਪਰਾਲੀ ਦੀਆਂ ਤਹਿਆਂ ਲਾਈਆਂ ਜਾਂਦਿਆਂ ਹਨ । ਹੇਠਾਂ ਗੋਹਾ ਫੇਰ ਪਰਾਲੀ ਫੇਰ ਗੋਹਾ, ਖੂਹ ਵਿਚ ਇਸੇ ਤਰਾਂ ਭਰਿਆ ਜਾਂਦਾ ਹੈ । ਇਸ ਵਿਚ ਲੋੜ ਮੁਤਾਬਿਕ ਪਾਣੀ ਪਾ ਕੇ ਗੈਸ ਪੈਦਾ ਕੀਤੀ ਜਾਂਦੀ ਹੈ । ਇਸ ਪਲਾਂਟ ਵਿਚ ਤਕਰੀਬਨ 15 ਕੁਇੰਟਲ ਪਰਾਲੀ ਤੇ 4 ਕੁਇੰਟਲ ਗੋਹਾ ਵਰਤਿਆ ਜਾਂਦਾ ਹੈ ਜਿਸਤੋਂ 3 ਮਹੀਨੇ ਤੱਕ ਗੈਸ ਪ੍ਰਾਪਤ ਕੀਤੀ ਜਾ ਸਕਦੀ ਹੈ । 3 ਮਹੀਨੇ ਬਾਅਦ ਇਸ ਨੂੰ ਦੁਬਾਰਾ ਭਰਿਆ ਜਾਂਦਾ ਹੈ ਅਤੇ ਇਸ ਤੋਂ ਨਿਕਲਣ ਵਾਲੀ ਗਾਰ ਖਾਦ ਦੇ ਤੋਰ ਤੇ ਵਰਤੀ ਜਾ ਸਕਦੀ ਹੈ ।

ਬਿਜਲੀ ਪੈਦਾ ਕਰਨ ਲਈ : ਪਰਾਲੀ ਨੂੰ ਬਾਲਣ ਦੇ ਰੂਪ ਵਿੱਚ ਇਸਤੇਮਾਲ ਕਰਕੇ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ। ਤਕਰੀਬਨ 2500 ਹੈਕਟੇਅਰ ਰਕਬੇ ਤੋਂ ਪ੍ਰਾਪਤ ਪਰਾਲੀ ਨੂੰ ਬਾਲ ਕੇ ਇੱਕ ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਰਾਜ ਸਰਕਾਰ ਪਹਿਲਾਂ ਹੀ ਬਾਇਓ ਮਾਸ ਤੋਂ ਊਰਜਾ ਪੈਦਾ ਕਰਨ ਦੇ ਉਪਰਾਲੇ ਅਧੀਨ 2017 ਤਕ 200 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਪ੍ਰੋਜੈਕਟ ਲਗਾਉਣ ਦੀ ਮਨਜ਼ੂਰੀ ਦੇ ਚੁੱਕੀ ਹੈ। ਇਸ ਵੇਲੇ ਰਾਜ ਵਿੱਚ ਕੰਮ ਕਰ ਰਹੇ ਸੱਤ ਅਜਿਹੇ ਪਲਾਂਟ ਤਕਰੀਬਨ ਪੰਜ ਲੱਖ ਟਨ ਪਰਾਲੀ ਦੀ ਸਾਲਾਨਾ ਵਰਤੋਂ ਕਰ ਰਹੇ ਹਨ।

ਖੁੰਬ ਦੀ ਕਾਸ਼ਤ ਲਈ : ਖੁੰਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਨੂੰ ਤੂੜੀ ਨਾਲ ਰਲਾ ਕੇ ਪਰਾਲੀ ਦੀ ਵਰਤੋਂ ਬਟਨ ਖੁੰਬਾਂ ਅਤੇ ਢੀਂਗਰੀ ਦੀ ਕਾਸ਼ਤ ਸਰਦੀਆਂ ਵਿਚ ਕਰਨ ਲਈ ਵਰਤੀ ਜਾਂਦੀ ਹੈ ।ਪਰਾਲੀ ਵਿਚ ਖੁੰਬ ਨੂੰ ਬੀਜਣ ਲਈ ਪਰਾਲੀ ਦੇ ਪੂਲ਼ੇ ਬੰਨ੍ਹ ਕੇ ਅੱਗੋਂ-ਪਿੱਛੋਂ ਬਿਲਕੁਲ ਬਰਾਬਰ ਹੋਣੇ ਚਾਹੀਦੇ ਹਨ। ਪ੍ਰਤੀ ਪੂਲ਼ੇ ਦਾ ਵਜ਼ਨ ਇੱਕ ਕਿੱਲੋ ਹੋਣਾ ਚਾਹੀਦਾ ਹੈ। ਇਸ ਕਿਸਮ ਦੀ ਕਾਸ਼ਤ ਅਪ੍ਰੈਲ ਤੋਂ ਸਤੰਬਰ ਤਕ ਕੀਤੀ ਜਾ ਸਕਦੀ ਹੈ।

ਭੱਠੀਆਂ ਵਿਚ ਵਰਤੋਂ : ਪੰਜਾਬ ਵਿਚ 3 ਹਜ਼ਾਰ ਦੇ ਕਰੀਬ ਇੱਟਾਂ ਪਕਾਉਣ ਵਾਲੇ ਭੱਠੇ ਹਨ । ਜਿੰਨਾ ਵਿਚ 20 ਲੱਖ ਟਨ ਕੋਲੇ ਦੀ ਵਰਤੋਂ ਹੁੰਦੀ ਹੈ । ਭੱਠੀਆਂ ਵਿਚ ਪਰਾਲੀ ਤੋਂ ਇਲਾਵਾ ਕਈ ਹੋਰ ਤਰਾਂ ਦੇ ਬਾਲ਼ਨ ਵੀ ਇਸਤੇਮਾਲ ਕੀਤੇ ਜਾਂਦੇ ਹਨ ।ਪਰਾਲੀ ਦੇ ਛੋਟੇ ਛੋਟੇ ਗੋਲੇ ਬਣਾ ਕੇ ਭੱਠਿਆਂ ਕੋਲੇ ਨਾਲ ਵਰਤੇ ਜਾ ਸਕਦੇ ਹਨ ।