ਚੰਡੀਗੜ੍ਹ : ਮਾਨਸਾ ਦੇ ਪਿੰਡ ਮਲਕਪੁਰ ਖਿਆਲਾ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋਏ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਕਿਸਾਨ ਗੁਰਮੇਲ ਸਿੰਘ ਵੱਲੋਂ ਵੇਚੀ ਹੋਈ 9 ਕਨਾਲਾਂ ਜ਼ਮੀਨ ਦੇ ਪੈਸੇ ਦੇਣ ਤੋਂ ਪਿੰਡ ਦੇ ਇਕ ਜ਼ਿਮੀਂਦਾਰ ਵੱਲੋਂ ਆਨਾ-ਕਾਨੀ ਕੀਤੀ ਜਾ ਰਹੀ ਸੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਪ੍ਰੇਸ਼ਾਨੀ ਦਾ ਕਾਰਨ ਹੀ ਜ਼ਮੀਨ ਦੇ ਪੈਸੇ ਨਾ ਆਉਣਾ ਸੀ। ਖੁਦਕੁਸ਼ੀ ਦੇ ਵਿਰੋਧ ਵਿੱਚ ਕਿਸਾਨ -ਮਜ਼ਦੂਰ ਜਥੇਬੰਦੀਆਂ ਉੱਤਰ ਆਈਆਂ ਹਨ ਅਤੇ ਉਨ੍ਹਾਂ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਜਵਾਬ ਦਿੰਦਿਆਂ ਪੂਰੇ ਮਾਮਲੇ ਦੀ ਪੁਲੀਸ ਕੋਲੋਂ ਪੜਤਾਲ ਕਰਵਾਉਣ ਅਤੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਪਿੰਡ ਮਲਕਪੁਰ ਖਿਆਲਾ ਦੇ ਕਿਸਾਨ ਗੁਰਮੇਲ ਸਿੰਘ (45) ਪੁੱਤਰ ਬਲਦੇਵ ਸਿੰਘ ਨੇ ਕੁਝ ਦੇਰ ਪਹਿਲਾਂ ਪਿੰਡ ਦੇ ਇੱਕ ਜ਼ਿਮੀਂਦਾਰ ਨੂੰ 9 ਕਨਾਲਾਂ ਜ਼ਮੀਨ ਵੇਚੀ ਸੀ। ਉਸ ਦੇ ਪੁੱਤਰ ਗੁਰਲਾਭ ਸਿੰਘ ਤੇ ਪਤਨੀ ਸੁਖਪਾਲ ਕੌਰ ਤੋਂ ਇਲਾਵਾ ਦਾਦਾ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਮੀਨ ਵੇਚਣ ਤੋਂ ਬਾਅਦ ਗੁਰਮੇਲ ਸਿੰਘ ਦਾ ਜਿਮੀਂਦਾਰ ਵੱਲ ਕਰੀਬ 8 ਲੱਖ ਰੁਪਏ ਬਾਕੀ ਰਹਿੰਦਾ ਸੀ।
ਗੁਰਮੇਲ ਸਿੰਘ ਸਿਰ ਹੋਰਨਾਂ ਆੜ੍ਹਤੀਆਂ ਦੀ ਢਾਈ ਲੱਖ ਰੁਪਏ ਦੀ ਦੇਣਦਾਰੀ ਸੀ ਅਤੇ ਵਾਰ-ਵਾਰ ਪੈਸੇ ਮੰਗਣ ‘ਤੇ ਵੀ ਜ਼ਿਮੀਂਦਾਰ ਉਸ ਨੂੰ ਟਾਲ-ਮਟੋਲ ਕਰਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਗੁਰਮੇਲ ਸਿੰਘ ਨੇ ਥੋੜ੍ਹੇ ਦਿਨਾਂ ਵਿੱਚ 1 ਲੱਖ ਰੁਪਏ ਦੀ ਕਿਸ਼ਤ ਵੀ ਭਰਨੀ ਸੀ ਅਤੇ ਕਿਸ਼ਤ ਦੀ ਤਾਰੀਖ ਨਿਕਲਣ ਤੋਂ ਬਾਅਦ ਉਹ ਇਸ ਨੂੰ ਲੈ ਕੇ ਅੰਦਰੋ-ਅੰਦਰੀਂ ਹੋਰ ਪ੍ਰੇਸ਼ਾਨ ਹੋ ਗਿਆ ਸੀ।
ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੇ ਜ਼ਿਮੀਂਦਾਰ ਨੇ ਗੁਰਮੇਲ ਸਿੰਘ ਤੋਂ ਅਨਪੜ੍ਹ ਹੋਣ ਕਾਰਨ ਖਰੀਦੀ ਜ਼ਮੀਨ ਦੀ ਥਾਂ ‘ਤੇ ਹੋਰ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਜਿਸ ਕਰਕੇ ਉਹ ਪ੍ਰੇਸ਼ਾਨ ਸੀ। ਇਸੇ ਤਹਿਤ ਵੀਰਵਾਰ ਰਾਤ ਗਰਮੇਲ ਸਿੰਘ ਨੇ ਖੇਤ ਵਾਲੇ ਖੂਹ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਦਰ ਮਾਨਸਾ ਦੇ ਮੁਖੀ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਪੁਲੀਸ ਕਾਰਵਾਈ ਕਰ ਰਹੀ ਹੈ।