ਚੰਡੀਗੜ੍ਹ : ਸਾਡੇ ਪੰਜਾਬ ਦੀ ਮਿੱਟੀ ਵਿਚ ਉਹ ਖ਼ੁਸ਼ਬੂ ਅਤੇ ਸਕੂਨ ਹੈ ਕਿ ਕੋਈ ਵੀ ਇੱਥੇ ਆ ਕੇ ਇੱਥੇ ਦਾ ਹੋ ਕੇ ਹੀ ਰਹਿ ਜਾਂਦਾ ਹੈ। ਪਰ ਦੁਖਾਂਤ ਇਹ ਹੈ ਕਿ ਇੱਥੋਂ ਦੇ ਨੌਜਵਾਨ ਵਿਦੇਸ਼ਾਂ ਵਿਚ ਭੱਜਣ ਨੂੰ ਕਾਹਲੇ ਰਹਿੰਦੇ ਹਨ। ਪਰ ਜੋ ਪੰਜਾਬ ਦੀ ਮਿੱਟੀ ਵਿਚ ਹੈ, ਉਹ ਹੋਰ ਕਿਤੇ ਨਹੀਂ। ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਫਰਾਂਸ ਦਾ ਰਹਿਣ ਵਾਲਾ ਗੋਰਾ, ਜੋ ਭਾਰਤ ਆ ਕੇ ਭਾਰਤ ਦਾ ਹੀ ਹੋ ਗਿਆ।


ਫਰਾਂਸ ਦਾ ਮਾਈਕਲ ਸ਼ਾਂਤੀ ਅਤੇ ਸਕੂਨ ਲਈ 10 ਦੇਸ਼ਾਂ ਵਿਚ ਘੁੰਮਿਆ ਪਰ ਉਹ ਸਕੂਨ ਉਸ ਨੂੰ ਭਾਰਤ ਵਿਚ ਮਿਲਿਆ। ਭਾਰਤ ਵਿਚ ਪੰਜਾਬ ਦੀ ਹਵਾ ਉਸ ਨੂੰ ਇੰਨੀ ਕਿ ਰਾਸ ਆਈ ਕਿ ਉਹ ਮਾਈਕਲ ਤੋਂ ਦਰਸ਼ਨ ਸਿੰਘ ਰੂਡੇਲ ਬਣ ਗਿਆ। ਇੱਥੋਂ ਦੇ ਪਿੰਡ ਨੂਰਪੁਰ ਬੇਦੀ ਵਿਚ ਕਾਂਗੜ ਪਿੰਡ ਵਿਚ ਰਹਿ ਕੇ ਉਹ ਆਰਗੈਨਿਕ ਖੇਤੀ ਕਰ ਰਿਹਾ ਹੈ ਤੇ ਪਿੰਡ ਦੇ ਲੋਕ ਉਸ ਨੂੰ ਪਿਆਰ ਨਾਲ ਗੋਰਾ ਸਿੰਘ ਕਹਿ ਕੇ ਬੁਲਾਉਂਦੇ ਹਨ।

ਮਾਈਕਲ ਨੇ ਦੱਸਿਆ ਕਿ ਉਹ ਸ਼ਾਂਤੀ ਦੀ ਤਲਾਸ਼ ਵਿਚ ਪੂਰੀ ਦੁਨੀਆ ਘੁੰਮਿਆ ਪਰ 1991 ਵਿਚ ਜਦੋਂ ਉਹ ਅਨੰਦਪੁਰ ਸਾਹਿਬ ਵਿਖੇ ਸਥਿਤ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਅੱਗੇ ਝੁਕਿਆ ਤਾਂ ਜਿਵੇਂ ਉਸ ਨੂੰ ਅਲੌਕਿਕ ਸ਼ਾਂਤੀ ਮਿਲੀ ਹੈ। ਸਿੱਖ ਧਰਮ ਤੋਂ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ ਅਤੇ ਸਿੰਘ ਸਜ ਗਿਆ।



ਮਾਈਕਲ ਤੋਂ ਦਰਸ਼ਨ ਸਿੰਘ ਬਣੇ ਗੋਰੇ ਨੇ ਵਾਹਿਗੁਰੂ ਬੋਲ ਕੇ ਬੰਜਰ ਜ਼ਮੀਨ ਖ਼ਰੀਦੀ ਅਤੇ ਉਸ ‘ਤੇ ਖੇਤੀ ਸ਼ੁਰੂ ਕਰ ਦਿੱਤੀ। ਦਰਸ਼ਨ ਸਿੰਘ ਨੇ ਬੰਜਰ ਜ਼ਮੀਨ ‘ਤੇ ਇੰਨੀ ਮਿਹਨਤ ਕੀਤੀ ਕਿ ਕੁੱਝ ਹੀ ਸਮੇਂ ਵਿਚ ਉਸ ਮਿੱਟੀ ਨੇ ਸੋਨਾ ਉਗਲਨਾ ਸ਼ੁਰੂ ਕਰ ਦਿੱਤਾ। ਦਰਸ਼ਨ ਸਿੰਘ ਗੁਰਬਾਣੀ ਦੇ ਸ਼ਬਦ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤ’ ਦੇ ਉਪਦੇਸ਼ ‘ਤੇ ਚੱਲ ਰਹੇ ਸਨ। ਉਨ੍ਹਾਂ ਨੇ ਖੇਤੀ ਵਿਚ ਨਾ ਤਾਂ ਕੈਮੀਕਲਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮਿਲਾਵਟ। ਬਿਨਾਂ ਕੈਮੀਕਲਾਂ ਵਾਲੀ ਫ਼ਸਲ ਹੋਣ ਕਾਰਨ ਉਸ ਦੀ ਫ਼ਸਲ ਨੂੰ ਲੋਕ ਤਿੰਨ ਗੁਣਾ ਕੀਮਤਾਂ ਦੇ ਕੇ ਵੀ ਖ਼ਰੀਦ ਲੈਂਦੇ ਹਨ।

ਦੁੱਖ ਦੀ ਗੱਲ ਇਹ ਹੈ ਜਦੋਂ ਫਰਾਂਸ ਦਾ ਗੋਰਾ ਆਰਗੈਨਿਕ ਖੇਤੀ ਅਤੇ ਜ਼ਮੀਨ ਦੀ ਮਹੱਤਤਾ ਸਮਝ ਸਕਦਾ ਹੈ ਤਾਂ ਪੰਜਾਬ ਦੇ ਲੋਕੀਂ ਕਿਨ੍ਹਾਂ ਕੰਮਾਂ ਵਿਚ ਪਏ ਹਨ। ਦਰਸ਼ਨ ਸਿੰਘ ਵੀ ਪੰਜਾਬ ਦੇ ਇਸ ਦੁੱਖ ਤੋਂ ਪਰੇਸ਼ਾਨ ਹੁੰਦਾ ਹੋਇਆ ਕਹਿ ਦਿੰਦਾ ਹੈ ਕਿ ਪੰਜਾਬ ਦੇ ਲੋਕ ਖੇਤੀ ਲਈ ਸੌਖਾ ਰਾਹ ਲੱਭਦੇ ਹਨ ਅਤੇ ਆਰਗੈਨਿਕ ਖੇਤੀ ਕਰਨ ਤੋਂ ਭੱਜਦੇ ਹਨ। ਇੱਥੋਂ ਦੇ ਮੁੰਡੇ ਕੰਮ ਕਰਨ ਤੋਂ ਕਤਰਾਉਂਦੇ ਹਨ ਤੇ ਹੁਮ ਕਸਰਤ ਵੀ ਨਹੀਂ ਕਰਦੇ। ਸਾਰਾ ਦਿਨ ਮੋਟਰਸਾਈਕਲ ਹੀ ਚਲਾਉਂਦੇ ਰਹਿੰਦੇ ਹਨ, ਹੁਣ ਫੇਰ ਗੱਲ ਕਿੱਦਾਂ ਬਣੂੰ ਇਨ੍ਹਾਂ ਦੀ। ਉਸ ਨੂੰ ਇਹ ਵੀ ਦੁੱਖ ਹੈ ਕਿ ਲੋਕ ਖੇਤੀ ਲਈ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ