ਚੰਡੀਗੜ੍ਹ : ਕਿਊਬਾ ਦੇ ਇਨਕਲਾਬੀ ਆਗੂ ਤੇ ਮਰਹੂਮ ਰਾਸ਼ਟਰਪਤੀ ਫ਼ਿਦਲ ਕਾਸਤਰੋ, ਜੋ ਸ਼ੁੱਕਰਵਾਰ ਦੀ ਰਾਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਇਸ ਇਨਕਲਾਬੀ ਆਗੂ ਤੋਂ ਫ਼ਰੀਦਕੋਟ ਜ਼ਿਲ੍ਹੇ ਦੇ ਪੰਜ ਪਿੰਡਾਂ ਦਾ ਪਟਵਾਰੀ ਨਿਰਮਲ ਸਿੰਘ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਘਰ ਅਤੇ ਹਲਕੇ ਵਿੱਚ ਸਮਾਜਵਾਦੀ ਕਦਰਾਂ ਕੀਮਤਾਂ ਸਿਰਜਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।


ਫਿਦਲ ਕਾਸਤਰੋ ਬਾਰੇ ਛਪੇ ਸਾਹਿਤ ਦਾ ਅਧਿਐਨ ਕਰਨ ਤੋਂ ਬਾਅਦ ਨਿਰਮਲ ਪਟਵਾਰੀ ਨੇ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ। ਨਿਰਮਲ ਸ਼ਾਇਦ ਇਕਲੌਤਾ ਅਜਿਹਾ ਪਟਵਾਰੀ ਹੋਵੇਗਾ, ਜਿਸ ਦਾ ਸਮੁੱਚਾ ਕੰਮ ਪਾਰਦਰਸ਼ੀ ਹੈ ਅਤੇ ਉਸ ਦੀ ਇਮਾਨਦਾਰੀ ਦਾ ਲੋਕ ਲੋਹਾ ਮੰਨਦੇ ਹਨ। ਨਿਰਮਲ ਦੇ ਪਰਿਵਾਰ ਵਿੱਚ ਤਿੰਨ ਭਰਾ ਹਨ ਅਤੇ ਸਾਰੇ ਇੱਕੋ ਘਰ ਵਿੱਚ ਰਹਿ ਰਹੇ ਹਨ।

ਨਿਰਮਲ ਪਟਵਾਰੀ, ਕਿਸਾਨਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਅਕਸਰ ਦਿੰਦਾ ਰਹਿੰਦਾ ਹੈ। ਬਾਬਾ ਫਰੀਦ ਸੰਸਥਾਵਾਂ ਦੇ ਚੇਅਰਮੈਨ ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਨਿਰਮਲ ਪਟਵਾਰੀ ਫਿਦਲ ਕਾਸਤਰੋ ਵਰਗੇ ਨਾਇਕਾਂ ਦਾ ਵਾਰਿਸ ਮੰਨਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਪਟਵਾਰੀ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਮੈਂਬਰੀ ਕਮੇਟੀ ਤੋਂ ਨਿਰਮਲ ਬਾਰੇ ਜਾਂਚ ਕਰਵਾਈ ਸੀ। ਇਸ ਜਾਂਚ ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਨੇ ਨਿਰਮਲ ਦੇ ਇਮਾਨਦਾਰ ਹੋਣ, ਲੋਕਾਂ ਦੇ ਹੱਕ ਵਿੱਚ ਖੜ੍ਹਨ ਅਤੇ ਉਨ੍ਹਾਂ ਦੇ ਕੰਮਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਨ ’ਤੇ ਮੋਹਰ ਲਾਈ ਸੀ।

ਤਰਕਸ਼ੀਲ ਸੁਸਾਇਟੀ ਦੇ ਸੂਬਾ ਪ੍ਰਧਾਨ ਰਜਿੰਦਰ ਭਦੌੜ ਨੇ ਕਿਹਾ ਕਿ ਫਿਦੇਲ ਕਾਸਤਰੋ ਨੇ ਹੁਣ ਤੱਕ ਦੁਨੀਆਂ ‘ਚ ਸਭ ਤੋਂ ਲੰਬਾ ਸੱਤ ਘੰਟੇ ਦਾ ਭਾਸ਼ਣ ਦਿੱਤਾ ਹੈ ਜਦੋਂ ਕਿ ਨਿਰਮਲ ਨੇ ਬਠਿੰਡਾ ਦੇ ਇੱਕ ਸਾਹਿਤ ਮੇਲੇ ਵਿੱਚ ਲਗਾਤਾਰ ਆਮ ਲੋਕਾਂ ਨੂੰ ਪੰਜ ਘੰਟੇ ਭਾਸ਼ਣ ਦਿੱਤਾ।
ਨਿਰਮਲ, ਪਟਵਾਰ ਯੂਨੀਅਨ ਆਦਿ ਦੇ ਬਹੁਤੇ ਧਰਨਿਆਂ ਵਗੈਰਾ ਵਿੱਚ ਇਹ ਕਹਿ ਕੇ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੰਦਾ ਹੈ ਕਿ ਪਹਿਲਾਂ ਉਹ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਨ ਅਤੇ ਜੇਕਰ ਲੋਕ ਤੁਹਾਡੇ ਹੱਕ ਵਿੱਚ ਨਹੀਂ ਖੜ੍ਹਦੇ ਤਾਂ ਪਹਿਲਾਂ ਇਸ ਦੇ ਕਾਬਲ ਬਣੋ ਅਤੇ ਫਿਰ ਹੱਕਾਂ ਦੀ ਲੜਾਈ ਲੜੋ।

ਕਾਸਤਰੋ ਦੀਆਂ ਲਿਖ਼ਤਾਂ ਪੜ੍ਹ ਕੇ ਨਿਰਮਲ ਸਿੰਘ ਨੇ ਆਪਣੇ ਘਰ ਅਤੇ ਹਲਕੇ ਵਿੱਚ ਸਮਾਜਵਾਦੀ ਕਦਰਾਂ ਕੀਮਤਾਂ ਸਿਰਜਣ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸੇ ਕਰਕੇ ਉਸ ਨੂੰ ਕੁਝ ਸਮਾਂ ਪਹਿਲਾਂ ਬਾਬਾ ਫਰੀਦ ਸੁਸਾਇਟੀ ਵੱਲੋਂ ਇਮਾਨਦਾਰੀ ਲਈ ਪੁਰਸਕਾਰ ਅਤੇ ਇੱਕ ਲੱਖ ਰੁਪਏ ਨਗਦ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਸਾਲ 1987 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਿਰਮਲ ਸਿੰਘ ਨੂੰ ਅਲੀਗੜ੍ਹ ਯੂਨੀਵਰਸਿਟੀ ਵਿੱਚ ਉੱਤਰੀ ਭਾਰਤ ਦੇ ਫਾਈਨ ਆਰਟਸ ਦੇ ਮੁਕਾਬਲਿਆਂ ਵਿੱਚ ਪੰਜਾਬ ਦੀ ਨੁਮਾਇੰਦਗੀ ਲਈ ਭੇਜਿਆ ਸੀ। ‘ਕਹਿਕਸ਼ਾਂ’ (ਤਾਰਿਆਂ ਦਾ ਇਕੱਠ) ਨਾਮ ਦੇ ਸਮਾਗਮ ਵਿੱਚ ਨਿਰਮਲ ਪਟਵਾਰੀ ਨੂੰ ਫਾਈਨ ਆਰਟਸ ਮੁਕਾਬਲਿਆਂ ਵਿੱਚ ਉੱਤਰੀ ਭਾਰਤ ‘ਚੋਂ ਪਹਿਲਾ ਸਥਾਨ ਮਿਲਿਆ ਸੀ।