ਜਲੰਧਰ: ਜੰਮੂ ਤੋਂ ਪਟਨਾ ਜਾ ਰਹੀ ਟ੍ਰੇਨ 'ਚ ਬੰਬ ਹੋਣ ਦੀ ਖਬਰ ਤੋਂ ਬਾਅਦ ਹਫੜਾ-ਦਫੜੀ ਮੱਚੀ ਹੋਈ ਹੈ। ਕਿਸੇ ਅਣਜਾਣ ਸ਼ਖਸ ਨੇ ਸਵੇਰ ਵੇਲੇ ਫਿਰੋਜਪੁਰ ਰੇਲਵੇ ਡਵੀਜਨ ਦੇ ਕੰਟਰੋਲ ਰੂਮ 'ਚ ਫੋਨ ਕਰ ਟ੍ਰੇਨ 'ਚ ਬੰਬ ਹੋਣ ਦੀ ਜਾਣਕਾਰੀ ਦਿੱਤੀ ਹੈ। ਸੂਚਨਾ ਮਿਲਦਿਆਂ ਹੀ ਸਟੇਸ਼ਨ ਦੇ ਨਾਲ ਟ੍ਰੇਨ ਨੂੰ ਖਾਲੀ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਬੰਬ ਜਾਂ ਅਜਿਹੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ, ਪਰ ਸਰਚ ਅਪ੍ਰੇਸ਼ਨ ਜਾਰੀ ਹੈ।
ਜਾਣਕਾਰੀ ਮੁਤਾਬਕ ਸਵੇਰੇ ਦੇ ਕਰੀਬ 8 ਵਜੇ ਫਿਰੋਜਪੁਰ ਰੇਲਵੇ ਡਵੀਜਨ ਦੇ ਕੰਟਰੋਲ ਰੂਮ 'ਤੇ ਆਈ ਇੱਕ ਫੋਨ ਕਾਲ 'ਚ ਕਿਹਾ ਗਿਆ ਕਿ ਜੰਮੂ ਤੋਂ ਪਟਨਾ ਜਾ ਰਹੀ ਟ੍ਰੇਨ 'ਚ ਬੰਬ ਹੈ। ਇਸ 'ਤੇ ਤੁਰੰਤ ਜਲੰਧਰ ਕੈਂਟ ਸਟੇਸ਼ਨ 'ਤੇ ਅਰਚਨਾ ਐਕਸਪ੍ਰੈਸ ਨੂੰ ਰੋਕਿਆ ਗਿਆ ਤੇ ਖਾਲੀ ਕਰਵਾ ਕੇ ਚੈਕਿੰਗ ਸ਼ੁਰੂ ਕੀਤੀ ਗਈ। ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਮੁਤਾਬਕ 2 ਵਾਰ ਟ੍ਰੇਨ ਪੂਰੀ ਤਰਾਂ ਚੈੱਕ ਕੀਤੀ ਜਾ ਚੁੱਕੀ ਹੈ। ਪਰ ਇੱਕ ਵਾਰ ਫਿਰ ਤੋਂ ਪੂਰੀ ਟ੍ਰੇਨ ਦੀ ਸਰਚ ਕੀਤੀ ਜਾ ਰਹੀ ਹੈ। ਫਿਲਹਾਲ ਅਜਿਹੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਅਜਿਹੇ 'ਚ ਜੇਕਰ ਤੀਜੀ ਤਲਾਸ਼ੀ ਦੌਰਾਨ ਵੀ ਕੋਈ ਸ਼ੱਕੀ ਵਸਤੂ ਨਹੀਂ ਮਿਲਦੀ ਤਾਂ ਟ੍ਰੇਨ ਨੂੰ ਰਵਾਨਾ ਕਰ ਦਿੱਤਾ ਜਾਵੇਗਾ।