ਚੰਡੀਗੜ੍ਹ: ਸੰਗਰੂਰ ਜ਼ਿਮਨੀ ਚੋਣ ਵਿੱਚ ਜ਼ਮਾਨਤ ਜ਼ਬਤ ਕਰਾਉਣ ਦੇ ਬਾਵਜੂਦ ਬੀਜੇਪੀ ਦੇ ਹੌਸਲੇ ਬੁਲੰਦ ਹਨ। ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਪੂਰੇ ਪੰਜਾਬ ਵਿੱਚ ਆਪਣਾ ਝੰਡਾ ਲਹਿਰਾਏਗੀ। ਬੀਜੇਪੀ ਦਾ ਕਹਿਣਾ ਹੈ ਕਿ ਉਹ ਅਜੇ ਤੱਕ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਰਲ ਕੇ ਹੀ ਚੋਣ ਲੜਦੇ ਸੀ। ਇਸ ਵਾਰ ਇੱਕਲਿਆਂ ਚੋਣ ਲੜ ਕੇ ਅਕਾਲੀ ਦਲ ਨਾਲੋਂ ਵੱਧ ਵੋਟ ਹਾਸਲ ਕੀਤੇ ਹਨ। 



ਅਸ਼ਵਨੀ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਸਭਾ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ’ਚ ਮਿਲੀ ਜਿੱਤ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਦੀ ਹਾਰ ਨੇ ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। 



ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 92 ਵਿਧਾਇਕ ਹੋਣ ਦੇ ਬਾਵਜੂਦ ‘ਆਪ’ ਉਮੀਦਵਾਰ ਦਾ ਹਾਰ ਜਾਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਉਨ੍ਹਾਂ ਜਨਤਾ ਨੂੰ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਜਪਾ ਪੂਰੇ ਪੰਜਾਬ ਵਿੱਚ ਆਪਣਾ ਝੰਡਾ ਲਹਿਰਾਏਗੀ।


ਦੱਸ ਦਈਏ ਕਿ ਸੰਗਰੂਰ ਲੋਕ ਸਭਾ ਹਲਕੇ ’ਚ ਕੁੱਲ ਪਈਆਂ 7,08,448 ਵੋਟਾਂ ਵਿੱਚੋਂ ਸਿਮਰਨਜੀਤ ਸਿੰਘ ਮਾਨ ਨੂੰ 2,53,154 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 2,47,332 ਵੋਟਾਂ ਪ੍ਰਾਪਤ ਹੋਈਆਂ। ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ 79,668 ਵੋਟਾਂ ਪ੍ਰਾਪਤ ਕਰਕੇ ਤੀਜੇ, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ 66,298 ਵੋਟਾਂ ਨਾਲ ਚੌਥੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਸਿਰਫ਼ 44,428 ਵੋਟਾਂ ਪ੍ਰਾਪਤ ਕਰਕੇ ਪੰਜਵੇਂ ਸਥਾਨ ’ਤੇ ਰਹੇ। 


ਚੋਣ ਕਮਿਸ਼ਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ 35.61 ਫੀਸਦੀ, ਆਮ ਆਦਮੀ ਪਾਰਟੀ  ਨੂੰ 34.79 ਫੀਸਦੀ, ਕਾਂਗਰਸ ਪਾਰਟੀ ਨੂੰ 11.21 ਫੀਸਦੀ, ਭਾਜਪਾ ਨੂੰ 9.33 ਫੀਸਦੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ 6.25 ਫੀਸਦੀ ਵੋਟ ਮਿਲੀ ਹੈ। ਇਸ ਲਈ ਭਾਜਪਾ ਇਸ ਨੂੰ ਆਪਣੇ ਲਈ ਸ਼ੁਭ ਸੰਕੇਤ ਵਜੋਂ ਦੇਖ ਰਹੀ ਹੈ।