ਚੰਡੀਗੜ੍ਹ: ਬੀਜੇਪੀ ਦੇ ਨਵੇਂ ਪ੍ਰਧਾਨ ਸ਼ਵੇਤ ਮਲਿਕ ਨੇ ਨਵਾਂ ਨਾਅਰਾ ਦਿੱਤਾ, "ਕਾਂਗਰਸ ਪੰਜਾਬ ਛੱਡੋ, ਕਾਂਗਰਸੀਓ ਗੱਦੀ ਛੱਡੋ।" ਇਸ ਨਾਅਰੇ ਨਾਲ ਬੀਜੇਪੀ ਕੈਪਟਨ ਸਰਕਾਰ ਖ਼ਿਲਾਫ਼ ਮੁਹਿੰਮ ਵਿੱਢੇਗੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਹੁਣ ਤੱਕ ਕੁਝ ਨਹੀਂ ਕੀਤਾ। ਇਸ ਲਈ ਹੁਣ ਕਹਾਂਗੇ, "ਕੰਮ ਕਰੋ ਜਾਂ ਕੁਰਸੀ ਛੱਡੋ।" ਉਨ੍ਹਾਂ ਕਿਹਾ ਕਿ ਕਾਂਗਰਸ ਨੇ ਝੂਠੇ ਵਾਅਦੇ ਕੀਤੇ ਤੇ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ। ਪ੍ਰਮਾਤਮਾ ਇਨ੍ਹਾਂ ਨੂੰ ਮਾਫ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ 13 ਦੀਆਂ 13 ਸੀਟਾਂ ਬੀਜੇਪੀ ਜਿੱਤੇਗੀ। ਸ਼ਵੇਤ ਮਲਿਕ ਨੇ ਅੱਜ ਰਸਮੀ ਤੌਰ 'ਤੇ ਪੰਜਾਬ ਬੀਜੇਪੀ ਦਾ ਅਹੁਦਾ ਸੰਭਾਲਿਆ ਹੈ। ਉਹ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਹਨ। ਚੰਡੀਗੜ੍ਹ ਵਿੱਚ ਹੋਏ ਸਮਾਗਮ ਵਿੱਚ ਸਾਰੇ ਪੁਰਾਣੇ ਪ੍ਰਧਾਨ ਤੇ ਸਾਬਕਾ ਮੰਤਰੀ ਸਟੇਜ 'ਤੇ ਹਾਜ਼ਰ ਸਨ। ਮਲਿਕ ਨੇ ਕਿਹਾ ਪੰਜਾਬ ਜਲ ਰਿਹਾ ਹੈ ਤੇ ਕਾਂਗਰਸੀ ਨੀਰੋ ਬੰਸਰੀਆਂ ਵਜਾ ਰਹੇ ਹਨ। ਕੈਪਟਨ ਦੀ ਸਰਕਾਰ ਨੇ ਪੰਜਾਬ ਬਰਬਾਦ ਕਰ ਦਿੱਤਾ ਤੇ ਪੰਜਾਬ ਦਾ ਨੌਜਵਾਨ ਰੋਲ ਦਿਤਾ ਹੈ। ਕਾਂਗਰਸੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਸਰਕਾਰ ਲਿਆਉਣ ਲਈ ਨਸ਼ੇੜੀ ਬਣਾ ਦਿੱਤਾ। ਪੰਜਾਬ ਤੋਂ ਬਾਹਰ ਨੌਜਵਾਨ ਨੂੰ ਬਦਨਾਮ ਕੀਤਾ ਹੈ। ਇਸ ਮੌਕੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਮੋਦੀ ਸਰਕਾਰ ਦਲਿਤ ਵਿਰੋਧੀ ਨਹੀਂ। ਦੋਵੇਂ ਪੱਖਾਂ ਦੇ ਭਾਰਤ ਬੰਦ ਦੀ ਲੀਡਰਸ਼ਿਪ ਦਾ ਅੱਜ ਤੱਕ ਪਤਾ ਨਹੀਂ। ਸੋਸ਼ਲ ਮੀਡੀਆ ਨੂੰ ਦੇਖ ਕੇ ਭੇਡਾਂ ਨਾ ਬਣੋ। ਇਸ ਮੌਕੇ ਹੰਸ ਰਾਜ ਹੰਸ ਨੇ ਸ਼ਵੇਤ ਮਲਿਕ ਨੂੰ ਗਾ ਕੇ ਦਿੱਤੀ ਵਧਾਈ।