ਚੰਡੀਗੜ੍ਹ: ਬੀਜੇਪੀ ਨੇ ਪੰਥਕ ਮਸਲਿਆਂ 'ਤੇ ਪੰਜਾਬ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਕਲੀਨ ਬੋਲਡ ਕਰਨ ਦੀ ਤਿਆਰੀ ਕਰ ਲਈ ਹੈ। ਕਰਤਾਰਪੁਰ ਲਾਂਘਾ ਖੋਲ੍ਹਣ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਤੋਂ ਬਾਅਦ ਹੁਣ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਨਾਲ ਸਪਸ਼ਟ ਹੋ ਗਿਆ ਹੈ ਕਿ ਬੀਜੇਪੀ ਸਿੱਖਾਂ ਵਿੱਚ ਆਪਣੀ ਪਕੜ ਬਣਾ ਰਹੀ ਹੈ।

ਉਧਰ, ਸਿੱਖ ਧਿਰਾਂ ਵੀ ਇਨ੍ਹਾਂ ਕਾਰਜਾਂ ਲਈ ਮੋਦੀ ਸਰਕਾਰ ਦੀ ਪ੍ਰਸੰਸਾ ਕਰ ਰਹੀਆਂ ਹਨ। ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ, ਮਨਜੀਤ ਸਿੰਘ ਭੋਮਾ ਤੇ ਹੋਰ ਸਿੱਖ ਸੰਸਥਾਵਾਂ ਨੇ ਦਾਅਵਾ ਕੀਤਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਤੇ 8 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਫ਼ੈਸਲੇ ਵਿੱਚ ਕੈਪਟਨ ਸਰਕਾਰ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਭੂਮਿਕਾ ਨਹੀਂ।

                                                                  ਪੁਰਾਣੀ ਤਸਵੀਰ

ਭਗਵੀ ਪਾਰਟੀ ਦੇ ਕੱਟੜ ਵਿਰੋਧੀ ਸਿੱਖ ਲੀਡਰਾਂ ਨੇ ਕੇਂਦਰ ਸਰਕਾਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। ਦਾਦੂਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੋਦੀ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ ਪਰ ਪੰਜਾਬ ਸਰਕਾਰ ਜਾਂ ਫਿਰ ਅਕਾਲੀ ਦਲ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ। ਉਨ੍ਹਾਂ ਕਿਹਾ ਕਿ ਬਾਦਲ ਦਲ ਪੂਰੀ ਤਰ੍ਹਾਂ ਪੰਥਕ ਮੁੱਦੇ ਛੱਡ ਚੁੱਕਾ ਹੈ ਤੇ ਉਲਟਾ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅੜਿੱਕੇ ਪਾਉਂਦਾ ਆ ਰਿਹਾ ਹੈ।

ਉਨ੍ਹਾਂ ਕਿਹਾ ਕਿ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ ਉਨ੍ਹਾਂ ਤਾਂ ਭਾਰਤ ਸਰਕਾਰ ਦੀ ਮੰਗ ’ਤੇ ਬੰਦੀ ਸਿੰਘਾਂ ਦੀ ਸਿਰਫ਼ ਸੂਚੀ ਹੀ ਦਿੱਲੀ ਭੇਜੀ ਸੀ ਪਰ ਸੂਬਾ ਸਰਕਾਰ ਨੇ ਸਿੱਖਾਂ ਦੀਆਂ ਰਿਹਾਈਆਂ ਬਾਰੇ ਕੋਈ ਸਿਫ਼ਾਰਸ਼ ਨਹੀਂ ਕੀਤੀ ਸੀ।
ਦਾਦੂਵਾਲ ਨੇ ਸਾਫ਼ ਕੀਤਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਧਿਰ ਨਾਲ ਕੋਈ ਸਬੰਧ ਨਹੀਂ ਤੇ ਜਿਹੜੀ ਵੀ ਸਰਕਾਰ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਦੀ ਹੈ, ਉਹ ਉਸ ਸਰਕਾਰ ਦਾ ਹਮੇਸ਼ਾ ਧੰਨਵਾਦ ਕਰਦੇ ਰਹੇ ਹਨ।

ਉਧਰ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਸ ਫ਼ੈਸਲੇ ਨਾਲ ਸਿੱਖ ਸਮਾਜ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲਿਆਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਬਾਕੀ ਬੇਕਸੂਰ ਸਿੱਖ ਜੋ ਪਿਛਲੇ 10-10 ਸਾਲਾਂ ਤੋਂ ਸਜ਼ਾ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਵੀ ਰਿਹਾਅ ਕੀਤਾ ਜਾਵੇ ਤੇ ਪੰਜਾਬ ਸਿਰ ਅਤਿਵਾਦ ਵੇਲੇ ਚੜ੍ਹਿਆ ਕਰੋੜਾਂ ਰੁਪਏ ਦਾ ਕਰਜ਼ਾ ਤੇ ਪੰਜਾਬ ਦੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ।


ਬੇਸ਼ੱਕ ਅਕਾਲੀ ਦਲ ਤੇ ਕਾਂਗਰਸ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸਲ ਕ੍ਰੈਡਿਟ ਮੋਦੀ ਸਰਕਾਰ ਨੂੰ ਹੀ ਜਾ ਰਿਹਾ ਹੈ। ਚਰਚਾ ਹੈ ਕਿ ਬੀਜੇਪੀ ਅਗਲੇ ਸਮੇਂ ਵਿੱਚ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਅਕਾਲੀ ਦਲ ਤੇ ਕਾਂਗਰਸ ਨੂੰ ਕਲੀਨ ਬੋਲਡ ਕਰਨ ਦੀ ਰਣਨੀਤੀ ਬਣਾ ਰਹੀ ਹੈ। ਬੀਜੇਪੀ ਨੂੰ ਲੱਗਦਾ ਹੈ ਕਿ ਹਿੰਦੂ ਵੋਟ ਆਸਾਨੀ ਨਾਲ ਉਸ ਵੱਲ ਆ ਸਕਦਾ ਹੈ। ਸਿੱਖ ਵੋਟ ਨੂੰ ਖਿੱਚਣ ਲਈ ਬੀਜੇਪੀ ਪੂਰੀ ਵਾਹ ਲਾ ਰਹੀ ਹੈ। ਇਸ ਤਹਿਤ ਹੀ ਪਿਛਲੇ ਸਮੇਂ ਵਿੱਚ ਕਈ ਸਿੱਖ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।