ਅੰਮ੍ਰਿਤਸਰ: ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਨਾਕਾਮ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ। ਆਏ ਦਿਨ ਸੂਬੇ ਚੋਂ ਮਿਲ ਰਹੇ ਹਥਿਆਰਾਂ ਦੇ ਜ਼ਖੀਰੇ ਹੈਰਾਨ ਕਰ ਰਹੇ ਹਨ ਇਸ ਦੇ ਨਾਲ ਹੀ ਸੂਬਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ‘ਤੇ ਹਨ। ਹੁਣ ਖ਼ਬਰਾਂ ਹਨ ਕਿ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਅੰਮ੍ਰਿਤਸਰ ਦਾ ਗੁਰੂ ਰਾਮਦਾਸ ਏਅਰਪੋਰਟ ਵੀ ਹੈ। ਜਿਸ ਦੀ ਸੁਰੱਖਿਆ ਦੀ ਜ਼ਿੰਮੇਦਾਰ ਸੈਨਾ ਨੂੰ ਦੇ ਦਿੱਤੀ ਗਈ ਹੈ। ਏਅਰ ਟ੍ਰੈਫਿਕ ਕੰਟ੍ਰੋਲ (ਏਟੀਸੀ) ਟਾਵਰ ਵੀ ਸੈਨਾ ਨੇ ਆਪਣੇ ਕੰਟ੍ਰੋਲ ‘ਚ ਲੈ ਲਿਆ ਹੈ।


ਚਾਰ ਦਿਨ ਪਹਿਲਾਂ ਕੀਤੇ ਸੁਰੱਖਿਆ ਪ੍ਰਬੰਧਾਂ ‘ਚ ਬਦਲਾਅ ਮੰਗਲਵਾਲ ਨੂੰ ਲੋਕਾਂ ਦੀ ਨਜ਼ਰਾਂ ‘ਚ ਆ ਗਿਆ ਅਤੇ ਚਾਰੋਂ ਪਾਸੇ ਹਮਲੇ ਦੀ ਅਪਵਾਹ ਫੈਲ ਗਈ। ਇਸ ਬਾਰੇ ਅਧਿਕਾਰੀਆਂ ਨੇ ਕੁਝ ਵੀ ਸਾਫ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਉਧਰ ਸੂਤਰਾਂ ਮੁਤਾਬਕ ਪਿਛਲੇ ਹਫਤੇ ਪਾਕਿਸਤਾਨ ਸਰਹੱਦ ਵੱਲੋਂ ਡ੍ਰੋਨ ਨਾਲ ਆਏ ਹਥਿਆਰ ਫੜ੍ਹੇ ਜਾਣ ਤੋਂ ਬਾਅਦ ਏਅਰਪੋਰਟ ‘ਤੇ ਅੱਤਵਾਦੀ ਹਮਲੇ ਦਾ ਖਦਸ਼ੇ ਕਰਕੇ ਸੁਰੱਖਿਆ ਇੰਤਜ਼ਾਮ ਸਖ਼ਤ ਕਰ ਦਿੱਤੇ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਚੰਡੀਗੜ੍ਹ ਏਅਰਪੋਰਟ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।

ਅੰਮ੍ਰਿਤਸਰ ਏਅਰਪੋਰਟ ‘ਤੇ ਸੈਨਾ ਦੇ ਕਰੀਬ 150 ਕਮਾਂਡੋ ਤਾਇਨਾਤ ਕੀਤੇ ਗਏ ਹਨ। ਦੱਸ ਦਈਏ ਕਿ 27 ਸਤੰਬਰ ਨੂੰ ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਚੋਂ ਪਾਕਿ ਵੱਲੋਂ ਆਏ ਕ੍ਰੈਸ਼ ਹੋਏ ਡ੍ਰੋਨ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਸੀ। ਬੀਤੇ ਦਿਨ ਵੀ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਭਾਰੀ ਗਿਣਤੀ ‘ਚ ਹਥਿਆਰ ਅਤੇ ਹੈਰੋਇਨ ਮਿਲੀ ਹੈ।