ਦਰਅਸਲ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਬਿੱਲ ਪਾਸ ਕਰਨ ਮਗਰੋਂ ਕੈਪਟਨ ਸਰਕਾਰ ਹੁਣ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਜਾ ਕੇ ਕਿਸਾਨਾਂ ਨੂੰ ਲਾਮਬੰਦ ਕਰ ਰਹੀ ਹੈ। ਇਸ ਬਾਬਤ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬੁੱਧਵਾਰ 28 ਅਕਤੂਬਰ ਨੂੰ ਮਾਝੇ ਦੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਇਨ੍ਹਾਂ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ।
ਰੈਲੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ
ਭਾਜਪਾ ਦੇ ਏਜੰਟ ਪੰਜਾਬੀਆਂ ਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ।" ਉਨ੍ਹਾਂ ਕਿਹਾ "ਕਿਸਾਨਾਂ ਦੇ ਭਰਵੇਂ ਇਕੱਠ ਤੋਂ ਯਕੀਨ ਹੋ ਗਿਆ ਹੈ ਕਿ ਪੰਜਾਬੀ ਜਿਊਂਦੀ ਕੌਮ ਹੈ। ਜੇਕਰ ਅਸੀਂ ਨਾ ਲੜੇ ਤਾਂ ਸਾਡੀ ਅਗਲੀ ਪੀੜੀ ਨੇ ਸਾਨੂੰ ਮੁਆਫ ਨਹੀਂ ਕਰਨਾ।-
ਉਨ੍ਹਾਂ ਕਿਹਾ, "ਦਿੱਲੀ 'ਚ ਵੱਡੀ ਗੰਢਤੁਪ ਚੱਲ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ। ਕੇਂਦਰ ਦੇ ਖੇਤੀ ਕਾਨੂੰਨ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰ ਬਣਾ ਦੇਣਗੇ। ਇਹ ਕਾਨੂੰਨ ਕਿਸਾਨਾਂ ਦੀ ਹੀ ਕਬਰ ਪੁੱਟਣਗੇ। ਸਾਰਾ ਦੇਸ਼ ਪੰਜਾਬ ਦੇ ਕਿਸਾਨਾਂ ਵੱਲ ਦੇਖ ਰਿਹਾ ਹੈ।" ਜਾਖੜ ਨੇ ਕਿਹਾ ਕੇਂਦਰ ਸਰਕਾਰ ਨੇ 1150 ਕਰੋੜ ਰੁਪਏ ਦੇ RDF ਤੱਕ ਦੇ ਰੋਕ ਲਏ ਹਨ ਤੇ ਉਹ ਜਲਦ ਹੀ ਪਾਣੀਆਂ ਦਾ ਖਾਤਾ ਫੇਰ ਖੋਲ੍ਹਣਗੇ।
ਜਾਖੜ ਨੇ ਨਿਤਿਨ ਗਡਕਰੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, ਭਾਜਪਾ ਆਗੂ ਐਮਐਸਪੀ ਨੂੰ ਬੋਝ ਦੱਸਦੇ ਹਨ। ਉਨ੍ਹਾਂ ਕਿਹਾ ਪੰਜਾਬੀਆਂ ਨੇ ਕਣਕ ਨਾਲ ਗੋਦਾਮ ਭਰ ਦਿੱਤੇ। ਸਿਰਫ ਪੰਜਾਬੀਆਂ ਦੇ ਸਿਰ ਤੇ ਪੂਰੇ ਦੇਸ਼ 'ਚ ਮੁਫਤ ਰਾਸ਼ਨ ਵੰਡਿਆ। ਪੰਜਾਬੀਆਂ ਨੇ ਹਰੀ ਕ੍ਰਾਂਤੀ 'ਚ ਵੱਡਾ ਯੋਗਦਾਨ ਪਾਇਆ ਹੈ ਪਰ ਅੱਜ ਭਾਜਪਾ ਕਿਸਾਨੀ ਨੂੰ ਬੋਝ ਦੱਸ ਰਹੀ ਹੈ।
ਉਨ੍ਹਾਂ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਤੋਂ ਸਵਾਲ ਪੁੱਛਿਆ, "ਭਾਰਤ ਦੀਆਂ ਗੱਡੀਆਂ ਪੰਜਾਬ ਨਹੀਂ ਆਉਣਗੀਆਂ, ਪੰਜਾਬੀਆਂ ਨੇ ਕੀ ਗੁਨਾਹ ਕਰ ਦਿੱਤਾ।" ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਤੇ ਦੋਸ਼ ਲਾਉਂਦੇ ਹੋਏ ਕਿਹਾ, "ਮੋਦੀ ਨੇ ਕਿਸਾਨਾਂ ਨੂੰ ਕਲਮ ਨਾਲ ਮਾਰਿਆ ਹੈ।"
ਜਾਖੜ ਨੇ ਬਾਦਲਾਂ ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ,
ਵੱਡੇ ਬਾਦਲ ਨੇ ਹੱਥੀਂ ਖੇਤੀ ਕੀਤੀ ਪਰ ਜਦੋਂ ਕਾਲੇ ਕਾਨੂੰਨ ਲਿਆਂਦੇ ਗਏ, ਉਸ ਵੇਲੇ ਕਿਸਾਨਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਸੀ। ਅੱਜ ਦੇ ਅਕਾਲੀ ਫਰਜ਼ੀ ਕਿਸਾਨ ਹਨ। ਉਨ੍ਹਾਂ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਹੈ। ਪਹਿਲਾਂ ਬਹਿਬਲ ਕਾਂਡ, ਬਰਗਾੜੀ ਕਾਂਡ ਤੇ ਫਿਰ ਡੇਰਾ ਮੁਖੀ ਨਾਲ ਸੌਦਾ ਕੀਤਾ। ਪੰਥਕ ਪਾਰਟੀ ਦੇ ਪ੍ਰਧਾਨ ਨੂੰ ਬਟਨ ਖੋਲ੍ਹ ਕੇ ਆਪਣਾ ਗਾਤਰਾ ਕਿਉਂ ਦਿਖਾਉਣ ਦੀ ਲੋੜ ਪਈ ? -
ਜਾਖੜ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਘਰੇਦੇ ਹੋਏ ਕਿਹਾ, "ਸੁਖਬੀਰ ਬਾਦਲ ਕਿਸਾਨ ਦੇ ਬੇਟੇ ਹਨ। ਉਹ ਚਿੱਟੇ ਦੀ ਗੱਲ ਕਰਨ, ਰੇਤਾ ਦੀ ਗੱਲ ਕਰਨ ਜਾਂ ਬੱਸਾਂ ਦੀ ਗੱਲ ਕਰਨ ਉਹ ਕਿਸਾਨਾਂ ਦੀ ਗੱਲ ਨਾ ਕਰਨ।" ਸੁਨੀਲ ਜਾਖੜ ਨੇ ਦੱਸਿਆ ਕਿ, ਸਰਕਾਰੀ ਖਰੀਦ ਬੰਦ ਹੋਣ ਤੋਂ ਬਾਅਦ ਕਣਕ ਦਾ ਭਾਅ 300 ਰੁਪਏ ਪ੍ਰਤੀ ਕੁਇੰਟਲ ਟੁੱਟਿਆ ਹੈ। ਪੰਜਾਬ ਨੇ ਤਿੰਨ ਕਰੋੜ ਟਨ ਫਸਲ ਪੈਦਾ ਕਰਨੀ ਹੈ ਤੇ 18 ਹਜ਼ਾਰ ਕਰੋੜ ਰੁਪਏ ਦਾ ਰਗੜਾ ਮੋਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਲਾਉਣ ਦਾ ਪ੍ਰਬੰਧ ਕੀਤਾ ਹੈ।