ਮੁਕਤਸਰ:  ਥਾਣਾ ਸਿਟੀ ਪੁਲੀਸ ਨੇ ਬਲੈਕਮੇਲ ਕਰਨ ਤੇ ਆਤਮ ਹੱਤਿਆ ਵਾਸਤੇ ਮਜਬੂਰ ਕਰਨ ਦੇ ਦੋਸ਼ਾਂ ਹੇਠ ਮੁਕਤਸਰ ਦੇ ਦੋ ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੱਕ ਬੀੜ ਸਰਕਾਰ ਦੇ ਗ੍ਰੰਥੀ ਤੇ ਵੈਦਗਿਰੀ ਦਾ ਕੰਮ ਕਰਨ ਵਾਲੇ ਹਰਮੀਤ ਸਿੰਘ ਨੇ ਜ਼ਹਿਰ ਪੀ ਕੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਰਿਵਾਰ ਨੂੰ  ਤੜਕੇ ਪਤਾ ਲੱਗਿਆ। ਉਹ ਤੁਰੰਤ ਹਰਮੀਤ ਸਿੰਘ ਨੂੰ ਇੱਥੋਂ ਦੇ ਇਕ ਨਿੱਜੀ ਹਸਪਤਾਲ ਲੈ ਗਏ।

ਹਰਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਮੁਕਤਸਰ ਦੀ ਮਲੋਟ ਰੋਡ ਅਤੇ ਬਠਿੰਡਾ ਰੋਡ ਨੂੰ ਮਿਲਾਉਣ ਵਾਲੀ ਗਲੀ ਵਿੱਚ ਦੇਸੀ ਦਵਾਈਆਂ ਦੀ ਦੁਕਾਨ ਹੈ। ਕੁਝ ਦਿਨ ਪਹਿਲਾਂ ਉਸ ਦੀ ਦੁਕਾਨ 'ਤੇ ਤਿੰਨ ਔਰਤਾਂ ਆਈਆਂ ਸਨ ਤੇ ਅੱਖਾਂ ਦੀ ਦਵਾਈ ਮੰਗਦੀਆਂ ਸਨ। ਹਰਮੀਤ ਸਿੰਘ ਨੇ ਦਵਾਈ ਖਤਮ ਹੋਣ ਕਰਕੇ ਇਨਕਾਰ ਕਰ ਦਿੱਤਾ ਤੇ ਔਰਤਾਂ ਵਾਪਸ ਚਲੀਆਂ ਗਈਆਂ। ਘੰਟੇ ਕੁ ਬਾਅਦ ਮੁਕਤਸਰ ਦੇ ਇਕ ਪੱਤਰਕਾਰ ਹੈਪੀ ਕਪੂਰ ਦਾ ਉਸ ਨੂੰ ਫੋਨ ਆਇਆ ਕਿ ਉਸ ਦੀ ਦੁਕਾਨ ਵਿੱਚ ਔਰਤਾਂ ਨਾਲ ਛੇੜਛਾੜ ਹੋਈ ਹੈ ਅਤੇ ਇਹ ਔਰਤਾਂ ਰਾਮਪੁਰਾ ਫੂਲ 'ਚ ਉਸ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰਵਾ ਰਹੀਆਂ ਹਨ, ਜੇ ਉਹ ਬਚਣਾ ਚਾਹੁੰਦਾ ਹੈ ਕਿ ਦੋ ਲੱਖ ਰੁਪਏ ਦੇ ਦੇਵੇ।
ਹਰਮੀਤ ਸਿੰਘ ਨੇ ਦੱਸਿਆ ਕਿ ਡਰਦੇ ਮਾਰੇ ਉਸ ਨੇ ਪਹਿਲਾਂ 12 ਹਜ਼ਾਰ ਤੇ ਫਿਰ 18 ਹਜ਼ਾਰ ਅਤੇ 10 ਹਜ਼ਾਰ ਰੁਪਏ ਦੇ ਦਿੱਤੇ, ਪਰ ਹੁਣ ਪੱਤਰਕਾਰ ਰਣਜੀਤ ਆਹੂਜਾ ਉਸ ਕੋਲੋਂ ਪੈਸੇ ਮੰਗਣ ਦੁਕਾਨ 'ਤੇ ਆ ਗਿਆ ਅਤੇ ਪੈਸੇ ਨਾ ਦੇਣ 'ਤੇ ਬਦਨਾਮੀ ਕਰਨ ਦੀ ਧਮਕੀ ਦਿੱਤੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਹਰਮੀਤ ਸਿੰਘ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ।ਉਸ ਨੇ ਮੰਗ ਕੀਤੀ ਕਿ ਇਨ੍ਹਾਂ ਨਾਲ ਸਾਜ਼ਬਾਜ਼ ਔਰਤਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ।