ਅੰਮ੍ਰਿਤਸਰ: ਅੰਮ੍ਰਿਤਸਰ ਦੇ ਲਵ ਕੁਸ਼ ਨਗਰ ਵਿੱਚ ਧਮਾਕਾ ਹੋਣ ਦੀ ਖ਼ਬਰ ਆ ਰਹੀ ਹੈ। ਇਸ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਚਾਰ ਵਿਅਕਤੀ ਜ਼ਖ਼ਮੀ ਹਨ ਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦਰਅਸਲ ਇੱਕ ਘਰ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਟਾਕੇ ਪਏ ਹੋਏ ਸਨ। ਲੋਕਾਂ ਦਾ ਕਹਿਣਾ ਹੈ ਕਿ ਗੁਰਨਾਮ ਸਿੰਘ ਜੋ ਧਮਾਕੇ ਵਾਲੇ ਘਰ ਦਾ ਮਾਲਕ ਹੈ, ਉਹ ਕਿਸੇ ਥਾਣੇ ਦੇ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ ਤੇ ਉਥੋਂ ਹੀ ਇਹ ਪਟਾਕੇ ਲੈ ਕੇ ਆਇਆ ਸੀ। ਥਾਣੇ ਵਾਲਿਆਂ ਨੇ ਆਪਣੀ ਜਗ੍ਹਾ ਖ਼ਾਲੀ ਕਰਵਾਉਣ ਲਈ ਇਸ ਨੂੰ ਪਟਾਕੇ ਚੁਕਵਾ ਦਿੱਤੇ ਜਿਨ੍ਹਾਂ ਦੇ ਵਿੱਚੋਂ ਧਮਾਕਾ ਹੋ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਆਲੇ ਦੁਆਲੇ ਕਾਫ਼ੀ ਖ਼ੂਨ ਵੀ ਖਿੱਲਰਿਆ ਹੋਇਆ ਸੀ।
ਉੱਧਰ ਮੌਕੇ 'ਤੇ ਪਹੁੰਚੇ ਅੰਮ੍ਰਿਤਸਰ ਦੇ ਏਡੀਸੀਪੀ ਦੇਵਦੱਤ ਸ਼ਰਮਾ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ। ਗੁਰਨਾਮ ਸਿੰਘ ਕਬਾੜੀਏ ਦਾ ਕੰਮ ਕਰਦਾ ਸੀ ਤੇ ਇਹ ਪਤਾ ਨਹੀਂ ਕਿੱਥੋਂ ਇਸ ਕਬਾੜ ਦਾ ਸਾਮਾਨ ਲੈ ਕੇ ਆਇਆ ਸੀ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਤਿੰਨ ਲੋਕ ਗੰਭੀਰ ਜ਼ਖਮੀ ਹਨ। ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ।