ਕਬਾੜੀਏ ਦੀ ਦੁਕਾਨ 'ਚ ਧਮਾਕਾ, ਮੌਤਾਂ ਦੀ ਗਿਣਤੀ ਤਿੰਨ ਹੋਈ
ਏਬੀਪੀ ਸਾਂਝਾ | 19 Mar 2018 09:56 AM (IST)
ਪਟਿਆਲਾ: ਸ਼ਹਿਰ ਦੇ ਸਨੌਰੀ ਅੱਡਾ ਦੇ ਨਜ਼ਦੀਕ ਲੱਕੜ ਮੰਡੀ ਦੀ ਬਾਬੂ ਬੀਰ ਸਿੰਘ ਕਾਲੋਨੀ ਵਿੱਚ ਕਬਾੜ ਦੇ ਗੁਦਾਮ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਤਿੰਨ ਜਣਿਆਂ ਦੇ ਮਾਰੇ ਜਾਣ ਅਤੇ 3 ਬੱਚਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਤੇ ਫੋਰੈਂਸਿਕ ਟੀਮ ਮੌਕੇ 'ਤੇ ਜਾਂਚ ਕਰ ਰਹੇ ਹਨ। ਸਥਾਨਕ ਲੋਕ ਦੱਸ ਰਹੇ ਹਨ ਕਿ ਆਰਮੀ ਏਰੀਆ ਤੋਂ ਕੁਝ ਕਬਾੜ ਲਿਆਂਦਾ ਸੀ ਤੇ ਉਸ ਵਿੱਚ ਧਮਾਕਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਜਦ 25 ਸਾਲਾ ਨੌਜਵਾਨ ਕਬਾੜ ਤੋੜ ਰਿਹਾ ਸੀ ਤਾਂ ਅਚਾਨਕ ਧਮਾਕਾ ਹੋ ਗਿਆ, ਜਿਸ ਵਿੱਚ ਕੰਮ ਕਰ ਰਹੇ ਨੌਜਵਾਨ ਦੇ ਪਰਖੱਚੇ ਉੱਡ ਗਏ। ਧਮਾਕੇ ਵਿੱਚ ਉਸ ਦੇ ਕੋਲ ਹੀ ਖੇਡ ਰਹੇ ਚਾਰ ਸਾਲ ਦੇ ਬੱਚੇ ਦੀ ਲੱਤ ਹੀ ਉੱਡ ਗਈ ਤੇ ਸੁੱਤੇ ਪਏ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਲੱਤ ਉੱਡ ਜਾਣ ਤੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਦੇ ਸਾਲੇ ਮੁਸ਼ਰਤ ਅਲੀ ਨੂੰ ਜਦ ਦੁਰਘਟਨਾ ਦਾ ਪਤਾ ਲੱਗਾ ਤਾਂ ਉਹ ਫ਼ੌਜੀ ਖੇਤਰ 'ਚੋਂ ਕਬਾੜ ਖ਼ਰੀਦ ਕੇ ਵਾਪਸ ਆਉਣ ਦੀ ਗੱਲ ਕਹਿ ਰਿਹਾ ਸੀ। ਇਸ ਤੋਂ ਸਾਫ਼ ਇਸ਼ਾਰਾ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਕਬਾੜ ਵਿੱਚ ਜ਼ਿੰਦਾ ਬੰਬ ਵੀ ਵੇਚ ਦਿੱਤੇ ਗਏ। ਹਾਲਾਂਕਿ, ਫੋਰੈਂਸਿਕ ਅਧਿਕਾਰੀ ਤੇ ਪਟਿਆਲਾ ਦੇ ਐਸ.ਐਸ.ਪੀ. ਡਾ. ਭੂਪਤੀ ਨੇ ਜਾਂਚ ਤੋਂ ਬਾਅਦ ਹੀ ਕੁਝ ਕਹਿਣ ਦੀ ਗੱਲ ਆਖੀ ਹੈ।