ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਸੋਮਵਾਰ ਨੂੰ ਗੁਰਦਾਸਪੁਰ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਈ.ਟੀ.ਟੀ. ਅਧਿਆਪਕ-ਕਮ-ਬੂਥ ਲੈਵਲ ਅਫ਼ਸਰ (ਬੀਐੱਲਓ) ਗੁਰਵਿੰਦਰ ਸਿੰਘ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ।


ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ  ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੀਖੋਵਾਲੀ ਦੇ ਬੂਥ ਨੰਬਰ 222 ਤੇ ਤਾਇਨਾਤ ਬੀਐੱਲਓ ਗੁਰਵਿੰਦਰ ਸੋਮਵਾਰ ਸ਼ਾਮ ਨੂੰ ਕਰੀਬ 4:15 ਵਜੇ ਘਰ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਤੋਂ ਡਿੱਗਣ ਕਰਕੇ ਉਸ ਦੇ ਸਿਰ ਤੇ ਸੱਟ ਲੱਗ ਗਈ ਅਤੇ ਉਸ ਦੀ ਬਾਂਹ ਫਰੈਕਚਰ ਹੋ ਗਈ। ਇਸ ਸਮੇਂ ਬੀਐੱਲਓ ਗੁਰਵਿੰਦਰ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ  ਹੈ।


ਡਾ. ਰਾਜੂ ਨੇ ਕਿਹਾ, “ਜਿਵੇਂ ਹੀ ਮੈਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਸਾਡੇ ਅਧਿਕਾਰੀ ਦੇ ਹਾਦਸੇ ਬਾਰੇ ਪਤਾ ਲੱਗਿਆ, ਮੈਂ ਤੁਰੰਤ ਡੀ.ਸੀ ਅੰਮ੍ਰਿਤਸਰ ਨੂੰ ਜ਼ਖਮੀ ਬੀਐਲਓ ਦੀ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਅਤੇ ਉਨ੍ਹਾਂ ਨੂੰ ਨਿਯਮਤ ਤੌਰ ਤੇ ਅਪਡੇਟ ਕਰਨ ਲਈ ਕਿਹਾ।” 


ਮੁੱਖ ਚੋਣ ਅਧਿਕਾਰੀ ਡਾ: ਰਾਜੂ ਨੇ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੂੰ ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਅਤੇ ਬੀਐੱਲਓ ਦੇ ਇਲਾਜ ਦਾ ਸਾਰਾ ਖਰਚਾ ਰੈੱਡ ਕਰਾਸ ਫੰਡਾਂ ਵਿੱਚੋਂ ਚੁੱਕਣ ਦੀ ਹਦਾਇਤ ਵੀ ਕੀਤੀ।


ਡਾ.ਰਾਜੂ ਨੇ ਉਕਤ (ਗੁਰਵਿੰਦਰ) ਦੀ ਸਿਹਤ ਦਾ ਜਾਇਜ਼ਾ ਲੈਣ ਲਈ ਜ਼ਖਮੀ ਬੀ.ਐੱਲ.ਓ ਦੇ ਪਿਤਾ ਨਾਲ ਨਿੱਜੀ ਤੌਰ ਤੇ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਦਾ ਭਰੋਸਾ ਦਿੱਤਾ।


ਜਿਕਰਯੋਗ ਹੈ ਕਿ ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਖੁਦ ਹਸਪਤਾਲ ਦਾ ਦੌਰਾ ਕਰਕੇ ਗੁਰਵਿੰਦਰ ਦਾ ਹਾਲ ਚਾਲ ਪੁੱਛਿਆ।


 ਗੁਰਵਿੰਦਰ ਦੇ ਪਿਤਾ ਸਾਧੂ ਸਿੰਘ ਨੇ ਫ਼ੋਨ ਤੇ ਗੱਲਬਾਤ ਕਰਦਿਆਂ ਆਪਣੇ ਪੁੱਤਰ ਦੇ ਕੀਤੇ ਜਾ ਰਹੇ ਇਲਾਜ ਤੇ ਤਸੱਲੀ ਪ੍ਰਗਟਾਂਉਦਿਆਂ ਕਿਹਾ ਕਿ ਗੁਰਵਿੰਦਰ ਠੀਕ ਹੋ ਰਿਹਾ ਹੈ।ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਅਤੇ ਸਹਿਯੋਗ ਲਈ ਮੁੱਖ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰਾਂ ਦਾ ਧੰਨਵਾਦ ਵੀ ਕੀਤਾ।