ਖ਼ੂਨ ਦਾ ਗੋਰਖਧੰਦਾ ਕਰਨ ਵਾਲਾ ਬਲੱਡ ਬੈਂਕ ਦਾ ਲਾਈਸੰਸ ਹੋਵੇਗਾ ਰੱਦ
ਏਬੀਪੀ ਸਾਂਝਾ | 05 Aug 2018 10:22 AM (IST)
ਸੰਕੇਤਕ ਤਸਵੀਰ
ਜਲੰਧਰ: ਇੱਕੋ ਦਾਨੀ ਵੱਲੋਂ ਦਿੱਤੇ ਗਏ ਯਾਨੀ ਕਿ ਇੱਕੋ ਨੰਬਰ ਵਾਲੇ ਖ਼ੂਨ ਦੇ ਕਈ ਯੂਨਿਟ ਬਰਾਮਦ ਕੀਤੇ ਗਏ ਹਨ। ਜਲੰਧਰ ਦੇ ਵਰਕਸ਼ਾਪ ਚੌਕ ਸਥਿਤ ਗੁਲਾਬ ਦੇਵੀ ਹਸਪਤਾਲ ਵਿੱਚ ਬਣੇ ਬਲੱਡ ਬੈਂਕ ਨੂੰ ਸੀਲ ਕਰ ਦਿੱਤਾ ਗਿਆ। ਸਿਹਤ ਵਿਭਾਗ ਵੱਲੋਂ ਕੀਤੀ ਇਸ ਕਾਰਵਾਈ ਤੋਂ ਬਾਅਦ ਹੁਣ ਬਲੱਡ ਬੈਂਕ ਦਾ ਲਾਈਸੰਸ ਰੱਦ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਨੂੰ ਇੱਕ ਖ਼ੂਨ ਦਾਨ ਕਰਨ ਵਾਲੀ ਸੰਸਥਾ ਨੇ ਸਿਹਤ ਵਿਭਾਗ ਤੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਗ਼ੁਲਾਬ ਦੇਵੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਇੱਕੋ ਨੰਬਰ ਦੇ ਕਈ ਬਲੱਡ ਯੂਨਿਟ ਲੋਕਾਂ ਨੂੰ ਦਿੱਤੇ ਜਾਂਦੇ ਹਨ ਤੇ ਉੱਥੋਂ ਦੇ ਪ੍ਰਬੰਧਕਾਂ ਨੇ ਦਾਨ ਕੀਤੇ ਗਏ ਖ਼ੂਨ ਨੂੰ ਵੀ ਸਹੀ ਤਰੀਕੇ ਨਾਲ ਨਹੀਂ ਰੱਖਿਆ। ਇਸ ਸੂਚਨਾ ਦੇ ਆਧਾਰ ’ਤੇ ਉਕਤ ਬਲੱਡ ਬੈਂਕ ਨੂੰ ਸੀਲ ਕਰ ਦਿੱਤਾ ਗਿਆ ਸੀ। ਸਿਹਤ ਵਿਭਾਗ ਨੇ ਉੱਥੋਂ ਸਾਰਾ ਰਿਕਾਰਡ ਤੇ ਖ਼ੂਨ ਦੇ 44 ਬੈਗ ਆਪਣੇ ਕਬਜ਼ੇ ਵਿੱਚ ਲੈ ਲਏ। ਸੰਪਰਕ ਕਰਨ ’ਤੇ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਕਰੁਣ ਸਚਦੇਵਾ ਨੇ ਦੱਸਿਆ ਕਿ ਉਕਤ ਬਲੱਡ ਬੈਂਕ ਦਾ ਲਾਇਸੈਂਸ ਤੁਰੰਤ ਰੱਦ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਬਲੱਡ ਬੈਂਕ ’ਚ ਹੋਈ ਧਾਂਦਲੀ ਸਬੰਧੀ ਥਾਣਾ ਨੰ. 2 ਦੇ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਬਲੱਡ ਟ੍ਰਾਂਸਫਰ ਅਫ਼ਸਰ, ਟੈਕਨੀਕਲ ਸੁਪਰਵਾਈਜ਼ਰ, ਟੈਕਨੀਸ਼ੀਅਨ ਸਮੇਤ 5 ਲੋਕਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।