ਮਾਲਵੇ 'ਚ ਖਹਿਰਾ ਦੀ ਦਹਾੜ ਤੋਂ ਬਾਅਦ 'ਆਪ' ਹਾਈਕਮਾਨ ਨੇ ਖੋਲ੍ਹੇ ਆਪਣੇ ਪੱਤੇ
ਏਬੀਪੀ ਸਾਂਝਾ | 04 Aug 2018 08:04 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੀ ਆਉਂਦੀ 13 ਅਗਸਤ ਨੂੰ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਕਾਨਫ਼ਰੰਸ ਕਰਨ ਦਾ ਫੈਸਲਾ ਕੀਤਾ ਹੈ। ਕਾਨਫ਼ਰੰਸ ਵਿੱਚ ਭਗਵੰਤ ਮਾਨ ਵੱਲੋਂ ਸ਼ਿਰਕਤ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ 'ਆਪ' ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਪੰਜ ਮਹੀਨਿਆਂ ਬਾਅਦ ਪਾਰਟੀ ਹਾਈਕਮਾਨ ਨੂੰ ਪ੍ਰਧਾਨ ਭਗਵੰਤ ਮਾਨ ਤੇ ਸਹਿ ਪ੍ਰਧਾਨ ਅਮਨ ਅਰੋੜਾ ਦੇ ਅਸਤੀਫ਼ੇ ਨਾਮਨਜ਼ੂਰ ਕਰਨ ਦੀ ਸਿਫਾਰਿਸ਼ ਕੀਤੀ ਹੈ। ਸ਼ਨੀਵਾਰ ਨੂੰ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਜਲੰਧਰ ਵਾਲੀ ਕਾਨਫ਼ਰੰਸ ਤੋਂ ਇਲਾਵਾ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸਮਰਪਿਤ 15 ਅਗਸਤ ਨੂੰ ਈਸੜੂ ਵਿਖੇ ਅਤੇ 26 ਅਗਸਤ ਨੂੰ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ 'ਚ ਪਾਰਟੀ ਕਾਨਫ਼ਰੰਸ ਕਰਨ ਦਾ ਫ਼ੈਸਲਾ ਇਸ ਬੈਠਕ ਦੌਰਾਨ ਲਿਆ ਗਿਆ। ਬੈਠਕ ਵਿੱਚ ਡਾ. ਬਲਬੀਰ ਸਿੰਘ ਨੇ ਹਾਈਕਮਾਨ ਤੋਂ ਆਕੀ ਹੋਏ ਆਗੂਆਂ ਨੂੰ ਪਾਰਟੀ ਮੁੱਖ ਧਾਰਾ 'ਚ ਮੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਆਰਐਸਐਸ, ਭਾਜਪਾ, ਅਕਾਲੀ ਦਲ ਤੇ ਬੈਂਸ ਭਰਾਵਾਂ ਦੇ ਝਾਂਸੇ 'ਚ ਆ ਕੇ ਚੁੱਕੇ ਕਦਮ ਨਾਲ ਨਾ ਪੰਜਾਬ ਦਾ ਭਲਾ ਅਤੇ ਨਾ ਹੀ ਪੰਜਾਬੀਅਤ ਦਾ ਭਲਾ ਹੈ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਜਿਸ ਪਾਰਟੀ ਨੇ ਇੰਨੀ ਘੱਟ ਉਮਰ 'ਚ 4 ਸੰਸਦ ਮੈਂਬਰ ਅਤੇ 20 ਵਿਧਾਇਕ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ, ਉਸ ਨੂੰ ਕਿਸੇ ਵੀ ਕੀਮਤ 'ਤੇ ਟੁੱਟਣ ਨਹੀਂ ਦਿੱਤਾ ਜਾਵੇਗਾ। ਡਾ. ਬਲਬੀਰ ਸਿੰਘ ਨੇ ਬੈਠਕ ਦੌਰਾਨ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨੂੰ ਸੌਂਪੇ ਜਾਣ ਦਾ ਸਵਾਗਤ ਕੀਤਾ ਤੇ ਇਸ ਨਿਯੁਕਤੀ ਨੂੰ ਪੂਰੇ ਦਲਿਤ ਅਤੇ ਗ਼ਰੀਬ ਵਰਗ ਲਈ ਸਨਮਾਨ ਕਰਾਰ ਦਿੱਤਾ। ਇਸ ਤੋਂ ਇਲਾਵਾ ਬੈਠਕ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਲਈ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਵਿਰੁੱਧ ਨਿੰਦਾ ਪ੍ਰਸਤਾਵ ਪਾਸ ਕੀਤਾ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨਾਰੀ ਸਮਾਜ ਨੂੰ ਸਨਮਾਨ ਦੇਣ ਦੀ ਨਸੀਹਤ ਦਿੱਤੀ ਗਈ ਅਤੇ ਭਵਿੱਖ 'ਚ ਅਜਿਹੀ ਹਰਕਤ ਨਾ ਕਰਨ ਦੀ ਤਾੜਨਾ ਕੀਤੀ ਗਈ।