ਮੁਹਾਲੀ: ਸ਼ਹਿਰ ਦੇ ਏਅਰਪੋਰਟ ਰੋਡ ‘ਤੇ ਤਿੰਨ ਨੌਜਵਾਨਾਂ ਨੂੰ ਹਮਲਾਵਰਾਂ ਨੇ ਪਹਿਲਾਂ ਭਜਾਇਆ ਤੇ ਕੁੱਟਿਆ। ਬਾਅਦ ‘ਚ ਉਨ੍ਹਾਂ ਦਾ ਵੀਡੀਓ ਬਣਾ ਕੇ ਉਨ੍ਹਾਂ ਦੇ ਦਫਤਰ ‘ਚ ਦੇ ਕੇ ਆਏ। ਪੁਲਿਸ ਨੇ 10 ਲੋਕਾਂ ਖਿਲਾਫ ਕੇਸ ਦਰਜ ਕਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੱਟਮਾਰ ਕਰਨ ਵਾਲੇ ਹਮਲਾਵਰ ਬਾਉਂਸਰ ਦਾ ਕੰਮ ਕਰਦੇ ਹਨ।
ਕੁੱਟਮਾਰ ਦਾ ਕਾਰਨ ਸਾਫ਼ ਨਹੀਂ ਹੈ। ਪੁਲਿਸ ਨੂੰ ਸ਼ੱਕ ਹੈ ਕਿ ਆਪਸੀ ਲੈਣ-ਦੇਣ ਕਰਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ, ਹਮਲਾਵਰਾਂ ਨੇ ਪਹਿਲਾਂ ਬੰਦੂਕ ਦੇ ਜ਼ੋਰ ‘ਤੇ ਤਿੰਨਾਂ ਦੀ ਕਾਰ ਰੁਕਵਾਈ ਤੇ ਫੇਰ ਉਨ੍ਹਾਂ ‘ਤੇ ਡੰਡਿਆਂ ਦੀ ਬਾਰਸ਼ ਕਰ ਦਿੱਤੀ।
ਪੀੜਤ ਨੌਜਵਾਨ ਸੰਦੀਪ, ਅਕਸ਼ੈ ਤੇ ਸ਼ਿਵਜੋਤ ਹਨ ਜਿਨ੍ਹਾਂ ‘ਤੇ ਹਮਲਾ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਘਟਨਾ ਤੋਂ ਬਾਅਦ ਟੈਕਸੀ ਡਰਾਈਵਰ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਐਤਵਾਰ ਨੂੰ ਪੀੜਤਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਖਰੜ ਦੇ ਡੀਐਸਪੀ ਦੀਪਕੰਵਲ ਨੇ ਦੱਸਿਆ ਕਿ ਹਰਪਾਲ ਨਾਂ ਦੇ ਬਾਉਂਸਰ ਸਮੇਤ 10 ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।