ਉਧਾਰ ਨਾ ਮੋੜਨ ਕਰਕੇ ਭਿੜੇ ਪੁਰਾਣੇ ਦੋਸਤ, ਗੋਲ਼ੀ ਲੱਗਣ ਕਾਰਨ ਨੌਜਵਾਨ ਦੀ ਮੌਤ
ਏਬੀਪੀ ਸਾਂਝਾ | 10 Feb 2019 07:13 PM (IST)
ਮ੍ਰਿਤਕ ਰਮਿੰਦਰ ਸਿੰਘ ਦੀ ਪੁਰਾਣੀ ਤਸਵੀਰ
ਬਠਿੰਡਾ: ਸ਼ਹਿਰ ਦੇ ਮਹਿਣਾ ਚੌਕ ਇਲਾਕੇ ਵਿੱਚ ਅੱਜ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਰਮਿੰਦਰ ਸਿੰਘ ਵਜੋਂ ਹੋਈ ਹੈ ਜਦਕਿ ਇਸ ਮਾਮਲੇ 'ਚ ਲਲਿਤ ਕੁਮਾਰ ਮੁਲਜ਼ਮ ਹੈ। ਉਧਾਰ ਦੇ ਪੈਸਿਆਂ ਕਰਕੇ ਹੋਈ ਬਹਿਸ ਕਾਰਨ ਝਗੜਾ ਇੰਨਾ ਵਧ ਗਿਆ ਕਿ ਦੋਸਤ ਨੇ ਆਪਣੇ ਮਿੱਤਰ 'ਤੇ ਪਿਸਤੌਲ ਨਾਲ ਹਮਲਾ ਕਰ ਦਿੱਤਾ। ਬਾਰ੍ਹਵੀਂ ਜਮਾਤ 'ਚ ਪੜ੍ਹਦਾ ਰਮਿੰਦਰ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਲਲਿਤ ਤੇ ਰਮਿੰਦਰ ਲੰਮੇ ਸਮੇਂ ਤੋਂ ਦੋਸਤ ਸਨ ਪਰ ਪਿਛਲੇ ਸਮੇਂ ਤੋਂ ਉਨ੍ਹਾਂ ਦੇ ਸਬੰਧ ਠੀਕ ਨਹੀਂ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਰਮਿੰਦਰ ਸਿੰਘ ਸਥਾਨਕ ਗਣੇਸ਼ਾ ਬਸਤੀ ’ਚ ਮਕੈਨਿਕ ਲਲਿਤ ਕੁਮਾਰ ਉਰਫ਼ ਲਾਲੀ ਕੋਲ ਅਪਣਾ ਮੋਟਰਸਾਈਕਲ ਠੀਕ ਕਰਵਾਉਣ ਲਈ ਆਉਂਦਾ ਸੀ। ਇਸ ਦੌਰਾਨ ਉਸਨੇ ਲਾਲੀ ਨੂੰ ਕੁਝ ਪੈਸੇ ਉਧਾਰ ਦਿੱਤੇ ਸਨ ਤੇ ਇਨ੍ਹਾਂ ਪੈਸਿਆਂ ਨੂੰ ਵਾਪਸ ਲੈਣ ਲਈ ਦੋਵਾਂ ਵਿਚਕਾਰ ਤਕਰਾਰ ਚੱਲ ਰਹੀ ਸੀ। ਪਰਿਵਾਰ ਮੁਤਾਬਕ ਬੀਤੀ ਰਾਤ ਕਰੀਬ ਸੱਤ ਵਜੇ ਦੇ ਕਰੀਬ ਰਮਿੰਦਰ ਸਿੰਘ ਆਪਣੇ ਦੋਸਤਾਂ ਨਾਲ ਘਰ ਤੋਂ ਬਸੰਤ ਪੰਚਮੀ ਦੀਆਂ ਤਿਆਰੀ ਨੂੰ ਲੈ ਕੇ ਘਰ ਤੋਂ ਗਿਆ ਸੀ ਪਰ ਦੇਰ ਰਾਤ ਤਕ ਘਰ ਨਹੀਂ ਪਰਤਿਆ। ਦੇਰ ਰਾਤ ਜਦੋਂ ਰਮਿੰਦਰ ਸਿੰਘ ਤੇ ਉਸਦੇ ਦੋਸਤ ਬਾਜ਼ਾਰ ਵਿਚ ਘੁੰਮ ਰਹੇ ਸਨ ਤਾਂ ਉਨ੍ਹਾਂ ਦਾ ਲਲਿਤ ਕੁਮਾਰ ਨਾਲ ਮਹਿਣਾ ਚੌਂਕ ’ਚ ਟਾਕਰਾ ਹੋ ਗਿਆ। ਇਸ ਦੌਰਾਨ ਪੈਸਿਆਂ ਨੂੰ ਲੈ ਦੇ ਦੋਨਾਂ ਧਿਰਾਂ ਵਿਚਕਾਰ ਬਹਿਸਬਾਜ਼ੀ ਹੋ ਗਈ, ਜੋ ਵਧਦੀ-ਵਧਦੀ ਗਾਲੀ-ਗਲੋਚ ਤੇ ਹੱਥੋਪਾਈ ਤਕ ਪਹੁੰਚ ਗਈ। ਇਸ ਦੌਰਾਨ ਲਲਿਤ ਕੁਮਾਰ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਰਮਿੰਦਰ ਦੇ ਉਪਰ ਗੋਲ਼ੀ ਚਲਾ ਦਿੱਤੀ,ਜੋ ਉਸ ਦੀ ਵੱਖੀ ਕੋਲ ਲੱਗੀ। ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਵਰਕਰ ਮੌਕੇ ’ਤੇ ਪੁੱਜੇ ਤੇ ਜ਼ਖ਼ਮੀ ਰਮਿੰਦਰ ਸਿੰਘ ਨੂੰ ਉਸ ਦੇ ਦੋਸਤ ਸਥਾਨਕ ਮਾਨਸਾ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿਚ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ ਸਥਾਨਕ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਹੈ ਤੇ ਲਲਿਤ ਕੁਮਾਰ ਤੇ ਹੋਰਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਆਰੰਭ ਦਿੱਤੀ ਹੈ।