ਚੰਡੀਗੜ੍ਹ: ਗੁਰਦਾਸਪੁਰ ਜ਼ਿਲ੍ਹੇ ਦੇ ਕਰਜ਼ਈ ਕਿਸਾਨ ਬੁੱਧ ਸਿੰਘ ਨੂੰ ਪੌਣੇ ਚਾਰ ਲੱਖ ਰੁਪਏ ਦੇਣ ਬਦਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਖ਼ਦਸ਼ਾ ਕੈਪਟਨ ਸਰਕਾਰ ਦੇ ਮੰਤਰੀ ਸੁਖਜਿੰਦਰ ਰੰਧਾਵਾ ਦੇ ਬਿਆਨ ਤੋਂ ਪੈਦਾ ਹੁੰਦਾ ਹੈ।
ਇਹ ਵੀ ਪੜ੍ਹੋ- ਕੈਪਟਨ ਦੀ ਕਰਜ਼ ਮੁਆਫ਼ੀ ਦੇ 'ਪੋਸਟਰ ਕਿਸਾਨ' ਦਾ ਕਰਜ਼ਾ ਅਕਾਲੀਆਂ ਨੇ ਕੀਤਾ ਮੁਆਫ਼
ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਮਜੀਠੀਆ ਨੂੰ ਕਿਹਾ ਹੈ ਕਿ ਕਿਸਾਨ ਬੁੱਧ ਸਿੰਘ ਨੂੰ ਦਿੱਤੇ ਪੈਸਿਆਂ ਦੇ ਕਾਨੂੰਨੀ ਸਰੋਤ ਦਾ ਖੁਲਾਸਾ ਕਰਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਉਹ ਅਜਿਹਾ ਕਰਨ ਵਿੱਚ ਨਾਕਾਮ ਰਹਿਣ ਦੀ ਸੂਰਤ ਵਿੱਚ ਈਡੀ ਜਾਂਚ ਲਈ ਤਿਆਰ ਰਹਿਣ।
ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਕਰਜ਼ੇ ਜਿਹੇ ਨਾਜ਼ੁਕ ਮੁੱਦੇ ਦਾ ਲਾਹਾ ਲੈ ਕੇ ਹਮਦਰਦੀ ਤੇ ਭਾਵਨਾਤਮਕ ਸਮਰਥਨ ਲੈਣ ਲਈ ਮਜੀਠੀਆ ਨੇ ਘਟੀਆ ਸਿਆਸਤ ਦਾ ਵਿਖਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਕਿਸਾਨ ਨੂੰ 3.86 ਲੱਖ ਰੁਪਏ ਕਿਉਂ ਦਿੱਤੇ ਜਦ ਕਿ ਰਿਕਾਰਡ ਅਨੁਸਾਰ ਉਸ ਦਾ ਕਰਜ਼ 1.76 ਲੱਖ ਰੁਪਏ ਬਣਦਾ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਮਜੀਠੀਆ ਨੇ ਕਰਜ਼ੇ ਤੋਂ ਵੱਧ ਪੈਸੇ ਦੇ ਕੇ ਕਿਸਾਨ ਬੁੱਧ ਸਿੰਘ ਨੂੰ ਆਪਣੇ ਹੱਕ ਵਿੱਚ ਬੋਲਣ ਲਈ ਪਾਬੰਦ ਕਰ ਲਿਆ ਹੈ। ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਮਜੀਠੀਆ ਨੂੰ ਪੈਸਿਆਂ ਦੇ ਸਰੋਤ ਦਾ ਖੁਲਾਸਾ ਕਰਨਾ ਹੀ ਹੋਵੇਗਾ।
ਸਬੰਧਤ ਖ਼ਬਰ- ਅਕਾਲੀਆਂ ਦੀ ਸਟੇਜ 'ਤੇ ਕਾਂਗਰਸ ਦੇ ਪੋਸਟਰ ਕਿਸਾਨ ਨੇ ਲਾਈਆਂ ਰੌਣਕਾਂ, ਕੈਪਟਨ 'ਤੇ ਲਾਏ ਵਾਅਦਾਖਿਲਾਫੀ ਦੇ ਇਲਜ਼ਾਮ
ਜ਼ਿਕਰਯੋਗ ਹੈ ਕਿ ਬੀਤੀ ਸੱਤ ਫਰਵਰੀ ਨੂੰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਬੁੱਧ ਸਿੰਘ ਨੂੰ 3.86 ਲੱਖ ਰੁਪਏ ਦੇ ਚੈੱਕ ਦਿੱਤੇ ਸਨ। ਬੁੱਧ ਸਿੰਘ ਉਹੀ ਕਿਸਾਨ ਹਨ ਜਿਨ੍ਹਾਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਰਜ਼ ਮੁਆਫ਼ੀ ਯੋਜਨਾ ਵਾਲਾ ਫਾਰਮ ਖ਼ੁਦ ਭਰਵਾਇਆ ਸੀ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਦੇ ਕਿਸਾਨ ਦਾ ਹਾਲੇ ਤਕ ਕਰਜ਼ਾ ਮੁਆਫ਼ ਨਹੀਂ ਸੀ ਹੋਇਆ, ਜਿਸ ਕਰਕੇ ਕੈਪਟਨ ਸਰਕਾਰ 'ਤੇ ਲਗਾਤਾਰ ਸਵਾਲਾਂ ਕੀਤੇ ਜਾ ਰਹੇ ਸਨ। ਪਰ ਹੁਣ ਸਰਕਾਰ ਨੇ ਪਹਿਲੀ ਵਾਰ ਅਕਾਲੀ ਦਲ 'ਤੇ ਬੁੱਧ ਸਿੰਘ ਵਾਲੇ ਮਸਲੇ 'ਤੇ ਪਲਟਵਾਰ ਕੀਤਾ ਹੈ।