ਚੰਡੀਗੜ੍ਹ: ਨਵਜੋਤ ਸਿੱਧੂ ਦੇ ਅਸਤੀਫੇ 'ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਸਿੱਧੂ ਦੇ ਟਵੀਟ 'ਤੇ ਕਾਲ ਲੈਣਗੇ ਪਰ ਸਿੱਧੂ ਨਾਲ ਕੁਝ ਵੀ ਗ਼ਲਤ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ 13 ਮੰਤਰੀਆਂ ਦੇ ਵਿਭਾਗ ਬਦਲੇ ਗਏ ਹਨ, ਇਕੱਲੇ ਸਿੱਧੂ ਦੇ ਮਹਿਕਮੇ ਨੂੰ ਨਹੀਂ ਬਦਲਿਆ ਗਿਆ। ਜੇ ਵਿਭਾਗ ਬਦਲੇ ਜਾਣ ਨੂੰ ਲੈ ਕੇ ਸਿੱਧੂ ਦੇ ਮਨ ਵਿੱਚ ਕੁਝ ਸੀ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਗੱਲ ਕਰਨੀ ਚਾਹੀਦੀ ਸੀ, ਰਾਹੁਲ ਗਾਂਧੀ ਨੂੰ ਦਿੱਤੇ ਅਸਤੀਫੇ ਦੇ ਕੋਈ ਮਾਇਨੇ ਨਹੀਂ।

ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿੱਧੂ ਜੇ ਕੈਪਟਨ ਨੂੰ ਪਿਤਾ ਸਮਾਨ ਸਮਝਦੇ ਹਨ ਤਾਂ ਉਨ੍ਹਾਂ ਨੂੰ ਕੈਪਟਨ ਕੋਲ ਜਾਣਾ ਚਾਹੀਦਾ ਹੈ, ਗੱਲ ਕਰਨੀ ਚਾਹੀਦੀ ਹੈ ਪਰ ਜੇ ਉਹ ਚਾਹੁਣ ਕਿ ਸਥਾਨਕ ਸਰਕਾਰਾਂ ਵਿਭਾਗ ਵਾਪਸ ਮਿਲੇ, ਤਾਂ ਇਹ ਸੰਭਵ ਨਹੀਂ ਕਿਉਂਕਿ ਇਸ ਨਾਲ ਸੀਐਮ ਦੀ ਅਥਾਰਿਟੀ ਪ੍ਰਭਾਵਿਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਸਿੱਧੂ ਮੇਰੇ ਕਰੀਬੀ ਦੋਸਤ ਦੇ ਬੇਟੇ ਹਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਨਾਲ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਦਿਨੇਸ਼ ਬੱਸੀ ਨੂੰ 2017 'ਚ ਉਮੀਦਵਾਰ ਬਣਾਉਣ ਦਾ ਫੈਸਲਾ ਹੋ ਚੁੱਕਾ ਸੀ। ਦਿਨੇਸ਼ ਬੱਸੀ ਦੀ ਟਿਕਟ ਕੱਟ ਕੇ ਸਿੱਧੂ ਨੂੰ ਅੰਮ੍ਰਿਤਸਰ ਈਸਟ ਤੋਂ ਟਿਕਟ ਦਿੱਤੀ ਗਈ। ਕਾਰਪੋਰੇਸ਼ਨ ਦੀਆਂ ਚੋਣਾਂ ਵੇਲੇ ਵੀ ਸਿੱਧੂ ਨੇ ਦਿਨੇਸ਼ ਬੱਸੀ ਨੂੰ ਟਿਕਟ ਨਹੀਂ ਲੈਣ ਦਿੱਤੀ।

ਮਹਿੰਦਰਾ ਦੀਆਂ ਇਨ੍ਹਾਂ ਗੱਲਾਂ ਨੇ ਸਿੱਧੂ ਤੇ ਦਿਨੇਸ਼ ਬੱਸੀ ਵਿਚਾਲੇ ਰਿਸ਼ਤਿਆਂ ਦੀ ਖਟਾਸ ਜੱਗ ਜ਼ਾਹਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿਨੇਸ਼ ਬੱਸੀ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਤਾਂ ਉਸ ਵੇਲੇ ਵੀ ਸਿੱਧੂ ਉਸ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ ਸੀ।