ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਅਤੇ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਵਜ਼ੀਰੀ ਛੱਡਣ ਨੂੰ ਡਰਾਮਾ ਕਰਾਰ ਦਿੱਤਾ ਹੈ। ਦੋਵਾਂ ਮੰਤਰੀਆਂ ਨੇ ਆਪਣੇ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੱਖੋਂ ਪਰੋਖੇ ਕਰਨ 'ਤੇ ਸਿੱਧੂ ਨੂੰ ਖਰੀਆਂ ਖਰੀਆਂ ਸੁਣਾਈਆਂ।

ਬ੍ਰਹਮ ਮੋਹਿੰਦਰਾ ਤੇ ਚਰਨਜੀਤ ਚੰਨੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਆਪ 'ਤੇ ਕਾਬੂ ਰੱਖਣਾ ਚਾਹੀਦਾ ਹੈ। ਉਨ੍ਹਾਂ ਸਿੱਧੂ ਦੇ ਅਸਤੀਫ਼ੇ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਉਹ ਅਸਤੀਫ਼ਾ ਪਿਛਲੇ ਮਹੀਨੇ ਹੀ ਦੇ ਚੁੱਕੇ ਸਨ ਤਾਂ ਇੰਨੇ ਦਿਨ ਤਕ ਸੰਭਾਲਣ ਦੀ ਕੀ ਲੋੜ ਸੀ। ਉਨ੍ਹਾਂ ਸਿੱਧੂ ਦੇ ਅਸਤੀਫ਼ਾ ਰਾਹੁਲ ਗਾਂਧੀ ਨੂੰ ਸੰਬੋਧਿਤ ਕਰਨ 'ਤੇ ਵੀ ਸਵਾਲ ਖੜ੍ਹੇ ਕੀਤੇ।

ਮੰਤਰੀਆਂ ਨੇ ਕਿਹਾ ਕਿ ਜੇਕਰ ਸਿੱਧੂ ਨੇ ਅਸਤੀਫ਼ਾ ਦੇਣਾ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੰਦੇ। ਉਨ੍ਹਾਂ ਕਿਹਾ ਕਿ ਸਿੱਧੂ ਦਾ ਇਹ ਕਦਮ ਕਿੰਨਾ ਨਿਆਣਪੁਣੇ ਵਾਲਾ ਹੈ ਕਿ ਕੈਬਨਿਟ ਅਹੁਦਾ ਕੋਈ ਪਾਰਟੀ ਦੀ ਪੋਸਟ ਨਹੀਂ ਹੈ ਅਤੇ ਉਹ ਅਸਤੀਫ਼ਾ ਕਾਂਗਰਸ ਪ੍ਰਧਾਨ ਨੂੰ ਭੇਜਣ। ਮੰਤਰੀਆਂ ਨੇ ਕਿਹਾ ਕਿ ਟਵਿੱਟਰ 'ਤੇ 34 ਦਿਨ ਬਾਅਦ ਆਪਣੇ ਅਸਤੀਫ਼ੇ ਦਾ ਐਲਾਨ ਕਰਨ ਨਾਲ ਸਿੱਧੂ ਨੇ ਆਪਣੇ ਨਵੇਂ ਵਿਭਾਗ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦਾ ਵੀ ਕਾਫੀ ਨੁਕਸਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਜ਼ੋਰਾਂ 'ਤੇ ਹੈ ਅਤੇ ਬਿਜਲੀ ਵਿਭਾਗ ਲਈ ਇਹ ਸਮਾਂ ਬੇਹੱਦ ਸੰਵੇਦਨਸ਼ੀਲ ਹੁੰਦਾ ਹੈ। ਉਨ੍ਹਾਂ ਸਿੱਧੂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਅਗਲੇ ਕਦਮ ਇਸ ਗੱਲ ਨੂੰ ਧਿਆਨ ਵਿੱਚ ਚੁੱਕਣ ਕਿ ਉਹ ਨਾ ਸਿਰਫ ਸੂਬੇ ਬਲਕਿ ਇਸ ਦੇ ਲੋਕਾਂ ਅਤੇ ਪਾਰਟੀ ਦੇ ਵੀ ਜਵਾਬਦੇਹ ਹਨ।