ਗੁਰਦਾਸਪੁਰ: ਨਵਜੋਤ ਸਿੰਘ ਸਿੱਧੂ ਵੱਲੋਂ ਮੰਤਰੀ ਅਹੁਦੇ ਤੋਂ ਰਾਹੁਲ ਗਾਂਧੀ ਨੂੰ ਅਸਤੀਫ਼ਾ ਭੇਜਣ ਦੇ ਮੁੱਦੇ 'ਤੇ ਉਨ੍ਹਾਂ ਦੇ ਸਾਥੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਮਾਮਲਾ ਮੁੜ ਵਿਚਾਰਨ ਦੀ ਅਪੀਲ ਕੀਤੀ। ਉਨ੍ਹਾਂ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਆਪਣੇ ਮੱਤਭੇਦ ਸੁਲਝਾਉਣੇ ਚਾਹੀਦੇ ਹਨ।

ਕਾਦੀਆਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤ੍ਰਿਪਤ ਰਜਿੰਦਰ ਬਾਜਵਾ ਨੇ ਆਖਿਆ ਕਿ ਨਵਜੋਤ ਸਿੱਧੂ ਚੰਗੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ ਵਿਭਾਗ ਸੰਭਾਲਣਾ ਚਾਹੀਦਾ ਹੈ ਤੇ ਉਸ ਵਿੱਚ ਕੰਮ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਅਸਤੀਫਾ ਦੇਣ ਦਾ ਮਨ ਬਣਾ ਹੀ ਬੈਠੇ ਹਨ ਤਾਂ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣ।

ਬਾਜਵਾ ਨੇ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਨੂੰ ਇੱਕ ਵਾਰ ਮੁੱਖ ਮੰਤਰੀ ਨਾਲ ਮਿਲ ਬੈਠ ਆਪਣੀ ਗੱਲ ਕਰਨੀ ਚਾਹੀਦੀ ਹੈ, ਸ਼ਾਇਦ ਉਨ੍ਹਾਂ ਦੇ ਮਨ ਵਿੱਚ ਜੋ ਗੱਲ ਹੈ, ਉਸ ਦਾ ਹੱਲ ਹੋ ਜਾਵੇ। ਇਸ ਮਾਮਲੇ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਣਜਾਣਤਾ ਪ੍ਰਗਟਾਉਂਦਿਆਂ ਆਖਿਆ ਕਿ ਉਨ੍ਹਾਂ ਨੂੰ ਨਵਜੋਤ ਸਿੱਧੂ ਦੇ ਅਸਤੀਫ਼ੇ ਬਾਰੇ ਜਾਣਕਾਰੀ ਨਹੀਂ। ਇਸ ਬਾਰੇ ਮੁੱਖ ਮੰਤਰੀ ਜਾਂ ਖ਼ੁਦ ਨਵਜੋਤ ਸਿੱਧੂ ਹੀ ਦੱਸ ਸਕਦੇ ਹਨ।