ਲੁਧਿਆਣਾ: ਨਸ਼ੇ ਦੀ ਪੂਰਤੀ ਲਈ ਪਹਿਲਾਂ ਨੌਜਵਾਨ ਨੇ ਇੱਕ ਮਹਿਲਾ ਦਾ ਪਰਸ ਖੋਹਿਆ ਤੇ ਫਿਰ ਜਦੋਂ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਲੱਗੀ ਤਾਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਹਾਲਾਤ ਦੀ ਦਾਸਤਾਨ ਬਿਆਨ ਕੀਤੀ। ਇਸ ਘਟਨਾ ਤੋਂ ਸਪਸ਼ਟ ਹੈ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਦੀ ਨਸ਼ਾ ਖ਼ਤਮ ਦੀ ਮੁਹਿੰਮ ਤੇ ਨਸ਼ਾ ਵਿਰੋਧੀ ਨੀਤੀਆਂ ਨਾਕਾਮ ਸਾਬਤ ਹੋ ਰਹੀਆਂ ਹਨ।

ਬੀਤੇ ਦਿਨ੍ਹੀਂ ਲੁਧਿਆਣਾ ਵਿੱਚ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਨੌਜਵਾਨ ਨੇ ਮਹਿਲਾ ਕੋਲੋਂ ਪਰਸ ਖੋਹ ਲਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ। ਇਸ ਦੇ ਬਾਅਦ ਹੁਣ ਪਰਸ ਖੋਹਣ ਵਾਲੇ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਜਾਰੀ ਕੀਤੀ ਹੈ। ਇਸ ਵਿੱਚ ਉਹ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਤੇ ਲੁੱਟਾਂ-ਖੋਹਾਂ ਕਰਨ ਲੱਗ ਪਿਆ।

ਇਸ ਦੌਰਾਨ ਉਸ ਨੌਜਵਾਨ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਗੁਹਾਰ ਲਾਈ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਜਾਣ ਤੋਂ ਬਚਾਉਣ। ਨੌਜਵਾਨ ਨੇ ਰੋ-ਰੋ ਕੇ ਆਪਣੇ ਘਰ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਦਿੱਤੀ।