ਨਵਜੋਤ ਸਿੱਧੂ ਵੱਲੋਂ ਅਸਤੀਫਾ
ਏਬੀਪੀ ਸਾਂਝਾ | 14 Jul 2019 12:09 PM (IST)
ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਉਹ ਕਾਫੀ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ਼ ਸੀ।
ਚੰਡੀਗੜ੍ਹ: ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ। ਉਹ ਕਾਫੀ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ਼ ਸੀ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਦਿਲਚਸਪ ਗੱਲ਼ ਹੈ ਕਿ ਸਿੱਧੂ ਨੇ ਆਪਣਾ ਵਿਭਾਗ ਬਦਲੇ ਜਾਣ ਤੋਂ ਚਾਰ ਦਿਨ ਬਾਅਦ 10 ਜੂਨ ਨੂੰ ਹੀ ਅਸਤੀਫਾ ਦੇ ਦਿੱਤਾ ਸੀ ਪਰ ਇਸ ਦਾ ਖੁਲਾਸਾ ਅੱਜ ਹੋਇਆ ਹੈ। ਕੈਪਟਨ ਨੇ 6 ਜੂਨ ਨੂੰ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਬਿਜਲੀ ਮੰਤਰਾਲਾ ਦੇ ਦਿੱਤਾ ਸੀ। ਸਿੱਧੂ ਨੇ ਆਪਣਾ ਅਹੁਦਾ ਨਹੀਂ ਸੰਭਾਲਿਆ ਸੀ। ਇਸ ਲਈ ਉਨ੍ਹਾਂ ਦੀ ਵਿਰੋਧੀਆਂ ਵੱਲੋਂ ਅਲੋਚਨਾ ਵੀ ਹੋ ਰਹੀ ਸੀ। ਅੱਜ ਨਵਜੋਤ ਸਿੱਧੂ ਨੇ ਟਵਿੱਟਰ 'ਤੇ ਆਪਣਾ ਅਸਤੀਫਾ ਪਾ ਕੇ ਖੁਲਾਸਾ ਕੀਤਾ ਹੈ। ਦਰਅਸਲ ਸਿੱਧੂ ਨੇ ਲੋਕ ਸਭਾ ਚੋਣਾਂ ਵਿੱਚ ਕੈਪਟਨ ਤੇ ਬਾਦਲਾਂ ਦੇ ਮਿਲੇ ਹੋਣ ਦਾ ਇਸ਼ਾਰਾ ਕੀਤਾ ਸੀ। ਇਸ ਮਗਰੋਂ ਕੈਪਟਨ ਨੇ ਸਿੱਧੂ 'ਤੇ ਵਾਰ ਕਰਦਿਆਂ ਕਿਹਾ ਸੀ ਕਿ ਸਥਾਨਕ ਸਰਕਾਰਾਂ ਵਿਭਾਗ ਦੀ ਮਾੜੀ ਕਾਰਗੁਜਾਰੀ ਕਰਕੇ ਸ਼ਹਿਰਾਂ ਵਿੱਚ ਹੀ ਕਾਂਗਰਸ ਹਾਰੀ ਹੈ। ਉਨ੍ਹਾਂ ਨੇ ਸਿੱਧੂ ਤੋਂ ਵਿਭਾਗ ਵਾਪਸ ਲੈ ਲਿਆ ਸੀ। ਇਸ ਖਿਲਾਫ ਸਿੱਧੂ ਹਾਈਕਮਾਨ ਕੋਰ ਪਹੁੰਚ ਗਏ ਸੀ। ਉਧਰ, ਲੋਕ ਸਭਾ ਚੋਣਾਂ ਵਿੱਚ ਹਾਰ ਕਰਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਅਸਤੀਫਾ ਦੇ ਚੁੱਕੇ ਹਨ। ਇਸ ਲਈ ਸਿੱਧੂ ਦਾ ਮਾਮਲਾ ਲਟਕਿਆ ਹੋਇਆ ਹੈ। ਅਹੁਦਾ ਨਾ ਸੰਭਾਲਣ ਕਰਕੇ ਸਿੱਧੂ ਦੀ ਅਲੋਚਨਾ ਵੀ ਹੋ ਰਹੀ ਹੈ। ਇਸ ਲਈ ਹੀ ਅੱਜ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।