ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਸ਼ਨੀਵਾਰ ਇੱਕ ਸਮਾਗਮ ਦੌਰਾਨ ਅਚਾਨਕ ਚੱਕਰ ਆ ਗਏ। ਇਸ ਸਮਾਗਮ ਵਿੱਚ ਕੁਰਸੀਆਂ ਨਾ ਹੋਣ ਕਾਰਕੇ ਪ੍ਰਨੀਤ ਕੌਰ ਨੂੰ ਕਾਫੀ ਸਮਾਂ ਖੜ੍ਹਾ ਰਹਿਣਾ ਪਿਆ। ਇਸ ਮਗਰੋਂ ਜਦੋਂ ਉਹ ਸਟੇਜ਼ 'ਤੇ ਬੋਲਣ ਲੱਗੇ ਤਾਂ ਅਚਾਨਕ ਚੱਕਰ ਆਉਣ ਲੱਗੇ। ਉਹ ਤੁਰੰਤ ਭਾਸ਼ਣ ਖ਼ਤਮ ਕਰਕੇ ਸਟੇਜ ਦੀਆਂ ਪੌੜੀਆਂ ‘ਤੇ ਬੈਠ ਗਏ। ਇਸ ਦੌਰਾਨ ਇਕੱਤਰ ਹੋਏ ਲੋਕਾਂ ਨੇ ਉਨ੍ਹਾਂ ਨੂੰ ਪੱਖੀਆਂ ਝੱਲੀਆਂ ਤੇ ਪਾਣੀ ਪਿਲਾਇਆ।


ਦਰਅਸਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਰੱਖਣ ਲਈ ਪ੍ਰੋਗਰਾਮ ਕਰਾਇਆ ਸੀ। ਪ੍ਰਨੀਤ ਕੌਰ ਇੱਥੇ ਪੁੱਜੇ ਸੀ। ਇੱਥੇ ਹੁੰਮਸ ਭਰੇ ਮਾਹੌਲ ਦੌਰਾਨ ਮੰਚ ਤੋਂ ਤਿੰਨ ਚਾਰ ਬੁਲਾਰਿਆਂ ਨੇ ਤਕਰੀਰਾਂ ਕੀਤੀਆਂ। ਇਸ ਦੌਰਾਨ ਪ੍ਰਨੀਤ ਕੌਰ ਸਟੇਜ ‘ਤੇ ਹੀ ਖੜ੍ਹੇ ਰਹੇ, ਕਿਉਂਕਿ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਨਹੀਂ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਭਾਸ਼ਣ ਸ਼ੁਰੂ ਕੀਤਾ ਤੇ ਕੁਝ ਮਿੰਟਾਂ ਬਾਅਦ ਹੀ ਉਨ੍ਹਾਂ ਦੀ ਤਬੀਅਤ ਵਿਗੜ ਗਈ। ਉਹ ਭਾਸ਼ਣ ਖ਼ਤਮ ਕਰ ਕੇ ਸਟੇਜ ਦੀਆਂ ਪੌੜੀਆਂ ‘ਤੇ ਮੱਥਾ ਫੜ ਕੇ ਬੈਠ ਗਏ। ਉਹ ਕਾਫ਼ੀ ਘੁਟਣ ਮਹਿਸੂਸ ਕਰ ਰਹੇ ਸਨ। ਇਕੱਤਰ ਲੋਕਾਂ ਨੇ ਤੁਰੰਤ ਉਨ੍ਹਾਂ ਨੂੰ ਪੱਖੀਆਂ ਝੱਲੀਆਂ ਤੇ ਪਾਣੀ ਪਿਲਾਇਆ। ਇਸ ਦੌਰਾਨ ਕੋਈ ਡਾਕਟਰ ਮੌਕੇ ’ਤੇ ਨਹੀਂ ਪੁੱਜਿਆ। ਪ੍ਰਨੀਤ ਕੌਰ ਕਰੀਬ ਦਸ ਮਿੰਟ ਸਟੇਜ ਦੀਆਂ ਪੌੜੀਆਂ ‘ਤੇ ਹੀ ਬੈਠੇ ਰਹੇ।

ਪ੍ਰਨੀਤ ਕੌਰ ਕੁਝ ਸਮਾਂ ਪਹਿਲਾਂ ਦਿੱਲੀ ਸਥਿਤ ਰਿਹਾਇਸ਼ ਵਿੱਚ ਪੈਰ ਫਿਸਲਣ ਕਾਰਨ ਸਿਰ ਵਿੱਚ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ। ਡਾਕਟਰਾਂ ਦੀ ਸਲਾਹ ’ਤੇ ਉਨ੍ਹਾਂ ਕਈ ਦਿਨ ਦਿੱਲੀ ‘ਚ ਹੀ ਆਰਾਮ ਕੀਤਾ ਸੀ।