ਰਵਨੀਤ ਕੋਰ, ਚੰਡੀਗੜ੍ਹ : ਦੇਸ਼ 'ਚ ਓਮੀਕਰੋਨ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ ਜਿਸ ਦੇ ਮੱਦੇਨਜ਼ਰ ਸਾਰਿਆਂ ਸੂਬਿਆਂ 'ਚ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ। ਦਿੱਲੀ, ਹਰਿਆਣਾ ਸਣੇ ਕਈ ਸੂਬਿਆਂ 'ਚ ਨਾਈਟ ਕਰਫਿਊ ਲਾ ਦਿੱਤਾ ਗਿਆ ਹੈ। ਇਸੇ ਦੌਰਾਨ ਹੀ ਪੰਜਾਬ ਸਰਕਾਰ ਨੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਨੇ ਦੋਵੇਂ ਵੈਕਸੀਨ ਲਾਜ਼ਮੀ ਕਰ ਦਿੱਤੀਆਂ ਹਨ। 

Continues below advertisement

ਪੰਜਾਬ ਸਰਕਾਰ ਨੇ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ 'ਚ ਐਂਟਰੀ ਲਈ ਦੋਵੇਂ ਵੈਕਸੀਨ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਦੋਵੇਂ ਡੋਜ਼ ਲੱਗੀਆਂ ਹੋਈਆਂ ਹਨ ਤਾਂ ਸਰਟੀਫਿਕੇਟ ਕੋਲ ਹੋਣਾ ਜ਼ਰੂਰੀ ਹੈ।

ਸਰਕਾਰੀ ਹੁਕਮ ਮੁਤਾਬਕ ਪੰਜਾਬ ਵਿੱਚ 15 ਜਨਵਰੀ ਤੋਂ ਜਨਤਕ ਥਾਵਾਂ ਜਿਵੇਂ ਮਾਰਕੀਟਾਂ, ਮਾਲਾਂ, ਹੋਟਲਾਂ ਤੇ ਸਿਨਮਾ ਹਾਲਾਂ ਵਿੱਚ ਕੋਵਿਡ-19 ਤੋਂ ਬਚਾਅ ਲਈ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ। 

Continues below advertisement

ਸਰਕਾਰ ਨੇ ਪ੍ਰਾਈਵੇਟ ਤੇ ਸਰਕਾਰੀ ਖੇਤਰ ਦੇ ਬੈਂਕਾਂ, ਹੋਟਲਾਂ, ਬਾਰਾਂ, ਰੈਸਟੋਰੈਂਟਾਂ, ਮਾਲਾਂ, ਸ਼ਾਪਿੰਗ ਕੰਪਲੈਕਸਾਂ, ਸਿਨਮਾ ਹਾਲਾਂ, ਜਿਮਾਂ ਤੇ ਫਿਟਨੈੱਸ ਸੈਂਟਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਇਜਾਜ਼ਤ ਦੇਣ। 

ਸੂਬੇ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਚੰਡੀਗੜ੍ਹ ਵਿੱਚ ਸਥਿਤ ਸਾਰੇ ਸਰਕਾਰੀ, ਬੋਰਡ ਤੇ ਕਾਰਪੋਰੇਸ਼ਨ ਦਫ਼ਤਰਾਂ ਵਿੱਚ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ।

ਜਾਣੋ ਨਵੇਂ ਦਿਸ਼ਾ-ਨਿਰਦੇਸ਼

1. ਸਬਜ਼ੀ ਮੰਡੀ, ਪਬਲਿਕ ਟਰਾਂਸਪੋਰਟ, ਸ਼ਾਪਿੰਗ ਕੰਪਲੈਕਸ 'ਚ ਜ਼ਿਆਦਾ ਭੀੜ ਇਕੱਠੀ ਕਰਨ 'ਤੇ ਮਨਾਹੀ ਹੋਵੇਗੀ।

2. ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ 'ਚ ਉਹੀ ਲੋਕ ਦਾਖਲ ਹੋ ਸਕਦੇ ਹਨ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਈਆਂ ਹਨ।

3. ਸਿਹਤ ਪ੍ਰੋਟੋਕਾਲ ਮੁਤਾਬਕ ਨਿੱਜੀ ਤੇ ਸਰਕਾਰੀ ਖੇਤਰ ਦੇ ਬੈਂਕਾਂ ਦੋਵੇਂ ਡੋਜ਼ਾਂ ਲਈਆਂ ਜਾਣ ਵਾਲਿਆਂ ਨੂੰ ਹੀ ਆਪਣੀ ਸੇਵਾਵਾਂ ਜਾਰੀ ਰੱਖਣ ਦੀ ਆਗਿਆ ਹੋਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ’ਚ 82 ਫ਼ੀਸਦੀ ਜਨਸੰਖਿਆ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਅੰਕੜਿਆਂ ਦੇ ਹਿਸਾਬ ਨਾਲ ਸੂਬੇ ਦੇ 1.70 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ। 44 ਫ਼ੀਸਦੀ ਜਨਸੰਖਿਆ ਅਰਥਾਤ 90 ਲੱਖ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹਨ। ਸੂਬੇ ’ਚ ਇਸ ਸਮੇਂ ਵੈਕਸੀਨੇਸ਼ਨ ਦੀ ਰਫ਼ਤਾਰ ਹੌਲੀ ਕਿਉਂ ਚੱਲ ਰਹੀ ਹੈ? ਅਸਲ ’ਚ ਜਿਵੇਂ-ਜਿਵੇਂ ਕੋਰੋਨਾ ਦਾ ਡਰ ਖ਼ਤਮ ਹੁੰਦਾ ਗਿਆ ਉਂਝ-ਉਂਝ ਲੋਕਾਂ ਨੇ ਵੈਕਸੀਨੇਸ਼ਨ ’ਚ ਦਿਲਚਸਪੀ ਲੈਣੀ ਘੱਟ ਕਰ ਦਿੱਤੀ ਸੀ। ਹੁਣ ਜਿਸ ਤਰ੍ਹਾਂ ਨਾਲ ਓਮੀਕ੍ਰੋਨ ਦਾ ਖ਼ਤਰਾ ਵਧ ਰਿਹਾ ਹੈ, ਉਸ ਨੂੰ ਵੇਖਦਿਆਂ ਵੈਕਸੀਨੇਸ਼ਨ ਦੇ ਕੰਮ ’ਚ ਤੇਜ਼ੀ ਆਉਣ ਦੀ ਉਮੀਦ ਹੈ। ਹੁਣ ਔਸਤਨ 30 ਤੋਂ 40 ਹਜ਼ਾਰ ਲੋਕਾਂ ਨੂੰ ਰੋਜ਼ਾਨਾ ਵੈਕਸੀਨ ਲੱਗ ਰਹੀ ਹੈ।