ਚੰਡੀਗੜ੍ਹ: ਪੰਜਾਬ ਵਿੱਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਐਲਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ। ਕਿਸਾਨ-ਮਜ਼ਦੂਰ ਸੰਘਰਸ਼ ਸਮਿਤੀ ਪੰਜਾਬ 'ਚ ਸੱਤ ਥਾਵਾਂ 'ਤੇ ਰੇਲ ਪਟੜੀਆਂ 'ਤੇ ਧਰਨੇ 'ਤੇ ਸੀ। ਇਹੀ ਕਾਰਨ ਸੀ ਕਿ ਪੰਜਾਬ ਵਿੱਚੋਂ ਲੰਘਣ ਵਾਲੀਆਂ ਸੈਂਕੜੇ ਟਰੇਨਾਂ ਪ੍ਰਭਾਵਿਤ ਹੋਈਆਂ। ਪੰਜਾਬ ਸਰਕਾਰ ਤੋਂ ਕਿਸਾਨਾਂ ਦੀ ਨਰਾਜ਼ਗੀ ਕੁਝ ਸਮੇਂ ਲਈ ਟਲ ਗਈ ਹੈ।


ਦੱਸ ਦਈਏ ਕਿ 8 ਦਿਨਾਂ ਬਾਅਦ ਕਿਸਾਨਾਂ ਨੇ ਸ਼ਾਮ 4 ਵਜੇ ਰੇਲ ਪਟੜੀ ਖਾਲੀ ਕਰ ਦਿੱਤੀਆਂ। ਰੇਲ ਰੋਕੋ ਅੰਦੋਲਨ ਕਾਰਨ ਉੱਤਰੀ ਭਾਰਤ ਵਿੱਚ ਰੇਲ ਗੱਡੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਪਰ ਮੁੱਖ ਮੰਤਰੀ ਚੰਨੀ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਆਪਣਾ ਰੇਲ ਰੋਕੋ ਅੰਦੋਲਨ 4 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦੀ ਮੁੱਖ ਮੰਤਰੀ ਨਾਲ ਮੰਗਲਵਾਰ ਦੁਪਹਿਰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ।


ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਦੇ ਧਰਨੇ ਕਾਰਨ ਲੋਕਾਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗੀ। ਮੀਟਿੰਗ ਤੋਂ ਬਾਅਦ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨਾਂ ਦੀਆਂ ਬਹੁਤੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਬਾਸਮਤੀ ਦਾ ਮੁਆਵਜ਼ਾ 12 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇਗਾ। 5 ਏਕੜ ਤੱਕ ਦੀ ਜ਼ਮੀਨ ਵਾਲੇ ਲੋਕਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸ਼ਹੀਦ ਪਰਿਵਾਰਾਂ ਨਾਲ ਕੀਤੇ ਵਾਅਦੇ ਵੀ ਪੂਰੇ ਕੀਤੇ ਜਾਣਗੇ।


ਪੰਧੇਰ ਨੇ ਕਿਹਾ ਕਿ ਸਰਕਾਰ ਕੋਲ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਲਈ 4 ਜਨਵਰੀ ਤੱਕ ਦਾ ਸਮਾਂ ਹੈ। ਫਿਰ ਵੀ ਜੇਕਰ ਸਰਕਾਰ ਨੇ ਇਨ੍ਹਾਂ ਨੂੰ ਲਾਗੂ ਨਾ ਕੀਤਾ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।



ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਮੂਲ ਦੇ ਸੀਨੀਅਰ ਨਾਗਰਿਕ ਨੂੰ ਪੰਜ ਹਫ਼ਤਿਆਂ ਦੀ ਜੇਲ੍ਹ, ਜਾਣੋ ਪੂਰਾ ਮਾਮਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904