Breaking: ਟਿਕਟਾਂ ਦੇ ਐਲਾਨ ਦੇ ਨਾਲ ਹੀ ਪੰਜਾਬ ਕਾਂਗਰਸ 'ਚ ਬਗਾਵਤ ਛਿੜ ਗਈ ਹੈ। ਇਸ ਦਾ ਸੇਕ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ਤੱਕ ਪਹੁੰਚਿਆ ਹੈ। ਸੀਐਮ ਚੰਨੀ ਦੇ ਭਰਾ ਮਨੋਹਰ ਸਿੰਘ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਕਾਂਗਰਸ ਦੀ ਪਹਿਲੀ ਸੂਚੀ ਵਿੱਚ ਨਾਂ ਨਾ ਆਉਣ ਤੋਂ ਬਾਅਦ ਏਬੀਪੀ ਸਾਂਝਾ ਨਾਲ ਗੱਲ ਕਰਦਿਆਂ ਮਨੋਹਰ ਸਿੰਘ ਨੇ ਕਿਹਾ ਕਿ ਉਹ ਬੱਸੀ ਪਠਾਣਾ ਸੀਟ ਤੋਂ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੇ ਟਿਕਟ ਨਹੀਂ ਮਿਲਣ ਦਿੱਤੀ। ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਖ਼ਿਲਾਫ਼ ਵੀ ਗੁੱਸਾ ਸੀ। ਚੰਨੀ ਦੇ ਭਰਾ ਹਲਕਾ-ਫੁਲਕਾ ਪ੍ਰਚਾਰ ਕਰ ਰਹੇ ਹਨ।


ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਭਰਾ ਡਾ. ਮਨੋਹਰ ਸਿੰਘ ਨੂੰ ਬੱਸੀ ਪਠਾਣਾ ਤੋਂ ਟਿਕਟ ਦਿਵਾਉਣ ਵਿੱਚ ਅਸਫਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪਰਿਵਾਰ ਦਾ ਸਿਰਫ ਇੱਕ ਮੈਂਬਰ ਨੂੰ ਟਿਕਟ ਦੇ ਫਾਰਮੂਲੇ ਕਰਕੇ ਡਾ. ਮਨੋਹਰ ਸਿੰਘ ਨੂੰ ਟਿਕਟ ਨਹੀਂ ਮਿਲੀ। ਮੁੱਖ ਮੰਤਰੀ ਚਰਨਜੀਤ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜਣ ਦਾ ਐਲਾਨ ਕਰਦੇ ਹੋਏ ਸੰਯੁਕਤ ਸਮਾਜ ਮੋਰਚੇ ਦਾ ਟਿਕਟ ਹਾਸਲ ਕਰਨ ਦਾ ਇਸ਼ਾਰਾ ਵੀ ਕੀਤਾ ਹੈ। 


ਬਸੀ ਪਠਾਣਾਂ ਵਿਖੇ ਆਪਣੇ ਚੋਣ ਦਫ਼ਤਰ ਵਿਖੇ ਭਾਰੀ ਗਿਣਤੀ ਵਿੱਚ ਹਾਜ਼ਰ ਹਲਕੇ ਦੇ ਵੋਟਰਾਂ ਦੀ ਮੌਜੂਦਗੀ ’ਚ ਡਾ. ਮਨੋਹਰ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਬਸੀ ਪਠਾਣਾਂ ਹਲਕੇ ਨੂੰ ਕਮਜ਼ੋਰ ਵਿਧਾਇਕ ਨਹੀ ਸਗੋਂ ਤਾਕਤਵਰ, ਪੜ੍ਹਿਆ-ਲਿਖਿਆ ਤੇ ਲੋਕਾਂ ਦੀ ਅਵਾਜ਼ ਬਣਕੇ ਕੰਮ ਕਰਨ ਵਾਲੇ ਸੇਵਾਦਾਰ ਦੀ ਲੋੜ ਹੈ। ਉਨ੍ਹਾਂ ਮੌਜੂਦਾ ਵਿਧਾਇਕ ’ਤੇ ਸਿਆਸੀ ਹਮਲੇ ਕਰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲ ਵਿੱਚ ਬਸੀ ਪਠਾਣਾਂ ਹਲਕੇ ਵਿੱਚ ਸਿਰਫ ਐਲਾਨ ਹੋਏ ਹਨ ਵਿਕਾਸ ਨਹੀ ਹੋਇਆ। 


ਉਨ੍ਹਾਂ ਕਿਹਾ,‘ਹਲਕੇ ਦੇ ਲੋਕ ਮੇਰੇ ਨਾਲ ਹਨ ਪਰ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਮੇਰੀ ਟਿਕਟ ਕਟਵਾਈ ਹੈ, ਉਨ੍ਹਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਜੇ ਉਨ੍ਹਾਂ ਨੇ ਮੇਰੇ ਬਸੀ ਪਠਾਣਾਂ ਹਲਕੇ ’ਚ ਮੇਰੀ ਖ਼ਿਲਾਫ਼ਤ ਕੀਤੀ ਤਾਂ ਮੈਂ ਉਨ੍ਹਾਂ ਦੇ ਹਲਕਿਆ ਵਿੱਚ ਜਾ ਕੇ ਉਹਨਾਂ ਦਾ ਸਖਤ ਵਿਰੋਧ ਕਰਾਂਗਾ।’ 


ਯਾਦ ਰਹੇ ਕਾਂਗਰਸ ਪੰਜਾਬ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ’ਚ ਪਾਰਟੀ ਦੇ ਵੱਡੇ ਚਿਹਰੇ ਸ਼ਾਮਲ ਕੀਤੇ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਚੋਣ ਲੜਨਗੇ ਜਦੋਂਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਹੋਣਗੇ।