ਅੰਮ੍ਰਿਤਸਰ: ਪੁਲਿਸ ਨੇ ਚੰਡੀਗੜ੍ਹ ਤੋਂ ਇੱਕ MBBS ਡਾਕਟਰ ਬਣੀ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੜਕੀ ਵਿਆਹ ਲਈ ਜੀਵਨ ਸਾਥੀ ਡਾਟ ਕਾਮ ਵੈਬਸਾਈਟ ’ਤੇ ਮੁਸਲਿਮ ਤੋਂ ਰਾਜਪੂਤ ਬਣੀ ਤੇ ਵਿਆਹ ਕਰਵਾਉਣ ਤੋਂ ਬਾਅਦ ਸਹੁਰੇ ਘਰੋਂ ਸ਼ਗਨ ਦੇ ਪੈਸੇ ਤੇ ਸੋਨਾ ਲੈ ਕੇ ਗਾਇਬ ਹੋ ਗਈ ਸੀ। ਥਾਣਾ ਸੀ ਡਿਵੀਜ਼ਨ ਦੀ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਲੜਕੀ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ। ਅਨੀਸ਼ਾ ਨਾਂ ਦੀ ਇਸ ਲੜਕੀ ਨੂੰ ਜੰਮੂ ਤੇ ਕਸ਼ਮੀਰ ਵਿੱਚ ਰਹਿਣ ਵਾਲੇ ਉਸ ਦੇ ਪਿਤਾ ਅਹਿਮਦ ਮੁਸ਼ਤਾਕ ਪਹਿਲਾਂ ਹੀ ਬੇਦਖ਼ਲ ਕਰ ਚੁੱਕੇ ਹਨ।
ਸ਼ਿਕਾਇਤਕਰਤਾ ਰਾਜੇਸ਼ ਕੁਮਾਰ ਭਾਟੀਆ ਨੇ ਦੱਸਿਆ ਕਿ ਆਪਣੇ ਦੁਬਈ ਵਿੱਚ ਰਹਿੰਦੇ ਆਪਣੇ ਮੁੰਡੇ ਲਈ ਉਨ੍ਹਾਂ ਜੀਵਨਸਾਥੀ ਡਾਟ ਕਾਮ ’ਤੇ ਪ੍ਰੋਫਾਈਲ ਬਣਾਈ ਸੀ। ਵਿਆਹ ਲਈ ਮੁਲਜ਼ਮ ਅਨੀਸ਼ਾ ਰਾਜਪੂਤ ਦੀ ਰਿਕੁਐਸਟ ਆਈ ਸੀ। ਇਸ ਦੇ ਬਾਅਦ ਦੋਵਾਂ ਵਿਚਾਲੇ ਗੱਲ ਬਾਤ ਸ਼ੁਰੂ ਹੋ ਗਈ ਸੀ। ਇਸੇ ਦੌਰਾਨ ਪੁੱਤ ਨੇ ਦੁਬਈ ਤੋਂ ਉਨ੍ਹਾਂ ਨੂੰ ਫੋਨ ਕੀਤਾ ਕਿ ਅਨੀਸ਼ਾ ਘਰ ਵੇਖਣ ਲਈ ਆਉਣਾ ਚਾਹੁੰਦੀ ਹੈ। ਘਰ ਵੇਖਣ ਬਾਅਦ ਅਨੀਸ਼ਾ ਨੇ ਵਿਆਹ ਲਈ ਹਾਂ ਕਰ ਦਿੱਤੀ।
ਵਿਆਹ ਦੇ 15 ਦਿਨਾਂ ਬਾਅਦ ਉਨ੍ਹਾਂ ਦਾ ਮੁੰਡਾ ਦੁਬਈ ਚਲਾ ਗਿਆ ਤੇ ਦੋ ਦਿਨਾਂ ਬਾਅਦ ਹੀ ਅਨੀਸ਼ਾ ਵੀ ਚੰਡੀਗੜ੍ਹ ਲਈ ਰਵਾਨਾ ਹੋ ਗਈ ਤੇ ਇਸ ਦੇ ਬਾਅਦ ਕਦੀ ਵਾਪਸ ਨਹੀਂ ਆਈ। ਇਸ ਪਿੱਛੋਂ ਪਤਾ ਚੱਲਿਆ ਕਿ ਮੁਲਜ਼ਮ ਅਨੀਸ਼ਾ ਮੰਗਲਸੂਤਰ, ਸੋਨੇ ਦੇ ਗਹਿਣੇ, ਵਿਆਹ ਦਾ ਸ਼ਗੁਨ ਤੇ ਮਹਿੰਗੇ ਕੱਪੜੇ ਲੈ ਕੇ ਚਲੀ ਗਈ ਹੈ।