ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਮੰਗਲਵਾਰ ਨੂੰ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੂੰ ਕਿਹਾ ਕਿ ਉਹ ਲੰਡਨ ਤੋਂ ਚੰਡੀਗੜ੍ਹ ਲਈ ਸਿੱਧੀਆਂ ਉਡਾਨਾਂ ਨੂੰ ਪ੍ਰਮੁੱਖ ਤਰਜੀਹ ਦੇ ਆਧਾਰ `ਤੇ ਸ਼ੁਰੂ ਕਰਨ ਲਈ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਕੋਲ ਮੁੱਦਾ ਉਠਾਉਣ।

  


ਅੱਜ ਦੁਪਹਿਰ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਸਿਸ਼ਟਾਚਾਰ ਮੁਲਾਕਾਤ ਕਰਨ ਮੌਕੇ ਵਿਚਾਰ-ਵਟਾਂਦਰੇ ਦੌਰਾਨ ਕੈਰੋਲਿਨ ਰੋਵੇਟ ਨੇ ਕਿਹਾ ਕਿ ਉਹ ਯਕੀਨੀ ਤੌਰ 'ਤੇ ਉਡਾਨਾਂ ਸ਼ੁਰੂ ਕਰਨ ਦਾ ਇਹ ਮਾਮਲਾ ਬਰਤਾਨਵੀ ਹਾਈ ਕਮਿਸ਼ਨਰ ਕੋਲ ਉਠਾਉਣਗੇ ਤਾਂ ਜੋ ਤਾਂ ਜੋ ਯੂਕੇ 'ਚ ਵੱਸਦੇ ਪੰਜਾਬੀ ਪਰਵਾਸੀ ਲੋਕਾਂ ਤੋਂ ਇਲਾਵਾ ਯੂਕੇ ਦੇ ਗੁਆਂਢੀ ਰਾਜਾਂ ਵਸਦੇ ਲੋਕ ਵੀ ਪੰਜਾਬ ਅਤੇ ਯੂਕੇ ਦੀ ਨਿਰਵਿਘਨ ਯਾਤਰਾ ਕਰ ਸਕਣ। ਉਨ੍ਹਾਂ ਨੇ ਭਗਵੰਤ ਮਾਨ ਨੂੰ ਉਨ੍ਹਾਂ ਦੀ ਅਗਵਾਈ ਹੇਠ ਸੂਬੇ 'ਚ ਸਰਕਾਰ ਬਣਾਉਣ ਲਈ ਭਾਰੀ ਫਤਵਾ ਹਾਸਿਲ ਕਰਨ ਲਈ ਵੀ ਵਧਾਈ ਦਿੱਤੀ।   


ਚੰਡੀਗੜ੍ਹ ਤੇ ਲੰਡਨ ਵਿਚਕਾਰ ਤੁਰੰਤ ਸਿੱਧੇ ਹਵਾਈ ਸੰਪਰਕ ਦੀ ਲੋੜ `ਤੇ ਜ਼ੋਰ ਦਿੰਦਿਆਂ ਭਗਵੰਤ ਮਾਨ ਨੇ ਕੈਰੋਲਿਨ ਰੋਵੇਟ ਨੂੰ ਦੱਸਿਆ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਯੂਟੀ ਚੰਡੀਗੜ੍ਹ ਤੋਂ ਇਲਾਵਾ ਗੁਆਂਢੀ ਰਾਜਾਂ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਵਧਦੀ ਮੰਗ ਨੂੰ ਪੂਰਾ ਕਰਦਾ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਵਿਖੇ ਬੋਇੰਗ 777 ਵਰਗੇ ਵੱਡੇ ਅਤੇ ਚੌੜੇ ਹਵਾਈ ਜਹਾਜ਼ਾਂ ਨੂੰ ਸੰਭਾਲਣ ਲਈ ਬੁਨਿਆਦੀ ਸਹੂਲਤਾਂ ਕੈਟ-ਆਈ.ਆਈ.ਬੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਹੋਣ ਤੋਂ ਇਲਾਵਾ ਅੰਤਰਰਾਸ਼ਟਰੀ ਉਡਾਣਾਂ ਦੇ ਪ੍ਰਬੰਧਨ ਲਈ ਨਵੀਨਤਮ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ ਨਾਲ ਲੈਸ ਹੈ।     


ਮੁੱਖ ਮੰਤਰੀ ਨੂੰ ਪਰਾਲੀ ਸਾੜਨ ਅਤੇ ਬਾਇਓਮਾਸ ਪ੍ਰਬੰਧਨ ਦੇ ਖਤਰੇ ਨਾਲ ਨਜਿੱਠਣ ਲਈ ਨਵੀਨਤਮ ਤਕਨਾਲੋਜੀਆਂ ਬਾਰੇ ਜਾਣੂ ਕਰਵਾਉਂਦਿਆਂ ਕੈਰੋਲੀਨ ਰੋਵੇਟ ਨੇ ਇਨ੍ਹਾਂ ਖੇਤਰਾਂ ਵਿੱਚ ਤਕਨਾਲੋਜੀ ਪ੍ਰਦਾਨ ਲਈ ਡੂੰਘੀ ਦਿਲਚਸਪੀ ਜ਼ਾਹਰ ਕੀਤੀ ਕਿਉਂਕਿ ਯੂਕੇ ਕੋਲ ਇਨ੍ਹਾਂ ਅਹਿਮ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਭ ਤੋਂ ਉੱਨਤ ਮੁਹਾਰਤ ਹੈ। 


ਉਨ੍ਹਾਂ ਨੇ ਭਗਵੰਤ ਮਾਨ ਨੂੰ ਇਹ ਵੀ ਦੱਸਿਆ ਕਿ ਯੂ.ਕੇ. ਵਿੱਚ ਕੁਝ ਉੱਨਤ ਪੀ.ਜੀ ਕੋਰਸ ਹਨ ਜੋ ਕੁਝ ਸਥਾਨਕ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਦੀਆਂ ਵੱਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਚਲਾਏ ਜਾ ਸਕਦੇ ਹਨ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਵਿਸ਼ਵ ਭਰ ਵਿੱਚ ਲਾਹੇਵੰਦ ਰੁਜ਼ਗਾਰ ਦੇ ਯੋਗ ਬਣਾਇਆ ਜਾ ਸਕੇ।   


ਇਸੇ ਤਰ੍ਹਾਂ ਉਨ੍ਹਾਂ ਨੇ ਸੂਬਾ ਖੇਡ ਯੂਨੀਵਰਸਿਟੀ ਨਾਲ ਆਪਸੀ ਅਧਾਰ 'ਤੇ ਕੁਝ ਨਵੇਂ ਕੋਰਸ ਸ਼ੁਰੂ ਕਰਨ ਲਈ ਆਪਣੀ ਇੱਛਾ ਜ਼ਾਹਰ ਕੀਤੀ ਤਾਂ ਜੋ ਦੋਵਾਂ ਪਾਸਿਆਂ ਦੇ ਵਿਦਿਆਰਥੀਆਂ ਨੂੰ ਵਧੀਆ ਅੰਤਰਰਾਸ਼ਟਰੀ ਅਭਿਆਸਾਂ ਰਾਹੀਂ ਖੇਡ ਵਿਗਿਆਨ ਨੂੰ ਅਪਣਾ ਕੇ ਖੇਡ ਸਿੱਖਿਆ, ਖੇਡ ਤਕਨਾਲੋਜੀ, ਖੇਡ ਪ੍ਰਬੰਧਨ ਅਤੇ ਖੇਡ ਕੋਚਿੰਗ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਖੇਡਾਂ ਦੇ ਉੱਨਤ ਕੋਰਸਾਂ ਨਾਲ ਲੈਸ ਕੀਤਾ ਜਾ ਸਕੇ।  


ਭਗਵੰਤ ਮਾਨ ਨੇ ਦੌਰੇ `ਤੇ ਆਏ ਵਫ਼ਦ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਸਾਰਥਕ ਢੰਗ ਨਾਲ ਪੰਜਾਬ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਪਹਿਲਕਦਮੀਆਂ ਦਾ ਸਵਾਗਤ ਕਰੇਗੀ। ਮੁੱਖ ਮੰਤਰੀ ਅਤੇ ਕੈਰੋਲਿਨ ਰੋਵੇਟ ਦੋਵਾਂ ਨੇ ਆਪਸੀ ਹਿੱਤ ਦੇ ਕਈ ਹੋਰ ਮੁੱਦਿਆਂ `ਤੇ ਵੀ ਚਰਚਾ ਕੀਤੀ।