ਮਹਿਤਾਬ-ਉਦ-ਦੀਨ


ਚੰਡੀਗੜ੍ਹ: ਆਰਐਸਐਸ ਆਗੂ ਰੁਲਦਾ ਸਿੰਘ ਖਰੌੜ ਦੇ ਕਤਲ ਕੇਸ ਦੇ ਤਿੰਨ ਕਥਿਤ ਮੁੱਖ ਮੁਲਜ਼ਮਾਂ ਨੂੰ ਇੰਗਲੈਂਡ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਇਹ ਗ੍ਰਿਫ਼ਤਾਰੀ ਸੋਮਵਾਰ ਨੂੰ ਤੜਕੇ ਮੂੰਹ ਹਨ੍ਹੇਰੇ ਵੈਸਟ ਮਿਡਲੈਂਡਜ਼ ਵਿੱਚ ਬਹੁਤ ਹੀ ਗੁਪਤ ਤਰੀਕੇ ਨਾਲ ਹੋਈ। ਇਹ ਤਿੰਨੇ ਖ਼ਾਲਿਸਤਾਨ ਦੇ ਹਮਾਇਤੀ ਹਨ ਤੇ ਇੰਗਲੈਂਡ ’ਚ ਹੀ ਪੈਦਾ ਹੋਏ ਸਿੱਖ ਨੌਜਵਾਨ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਭਿਣਕ ਇੰਗਲੈਂਡ ਦੇ ਪੰਜਾਬੀਆਂ ਨੂੰ ਵੀ ਉਦੋਂ ਪਈ, ਜਦੋਂ ਉਨ੍ਹਾਂ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਯੂਕੇ ਦੇ ਕਾਨੂੰਨੀ ਮਾਹਿਰਾਂ ਮੁਤਾਬਕ ਤਿੰਨ ਮੁਲਜ਼ਮਾਂ ਨੂੰ ਕਤਲ ਦੇ ਦੋਸ਼ਾਂ ਕਾਰਨ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ।

ਵੈਸਟ ਮਿਡਲੈਂਡਜ਼ ਦੀ ਪੁਲਿਸ ਨੇ ਤਿੰਨ ਕਥਿਤ ਮੁੱਖ ਮੁਲਜ਼ਮਾਂ ਦੀ ਸ਼ਨਾਖ਼ਤ ਅੰਮ੍ਰਿਤਵੀਰ ਸਿੰਘ ਵਾਹੀਵਾਲਾ (40), ਉਸ ਦੇ ਸਕੇ ਭਰਾ ਗੁਰਸ਼ਰਨਵੀਰ ਸਿੰਘ ਵਾਹੀਵਾਲਾ (37) ਤੇ ਪਿਆਰਾ ਸਿੰਘ ਗਿੱਲ (38) ਵਜੋਂ ਹੋਈ ਹੈ। ਇਹ ਤਿੰਨੇ ਵੂਲਵਰਹੈਂਪਟਨ ਦੇ ਜੰਮਪਲ ਹਨ। ਗੁਰਸ਼ਰਨਵੀਰ ਸਿੰਘ ਵਾਹੀਵਾਲਾ ਇੰਗਲੈਂਡ ਦੇ ਹੀ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਰਿਸ਼ਤੇਦਾਰ ਹੈ, ਜੋ ਇਸ ਭਾਰਤੀ ਜੇਲ੍ਹ ਅੰਦਰ ਕੈਦ ਹੈ ਤੇ ਉਸ ਉੱਤੇ ਪੰਜਾਬ ਵਿੱਚ ਆਰਐਸਐਸ ਦੇ ਕਈ ਹਿੰਦੂ ਆਗੂਆਂ ਦੇ ਕਤਲ ਦੇ ਦੋਸ਼ ਹਨ। ਗੁਰਸ਼ਰਨਵੀਰ ਸਿੰਘ ਤੇ ਉਸ ਦਾ ਭਰਾ ਅੰਮ੍ਰਿਤਵੀਰ ਸਿੰਘ ਹੁਣ ਤੱਕ ਜਗਤਾਰ ਸਿੰਘ ਜੌਹਲ ਨੂੰ ਰਿਹਾਅ ਕਰਵਾਉਣ ਦੀ ਮੁਹਿੰਮ ਵਿੱਚ ਵੀ ਜੁਟੇ ਰਹੇ ਹਨ।

ਗੁਰਨਸ਼ਰਨਵੀਰ ਸਿੰਘ ਵਾਹੀ ਖ਼ੁਦ ਪੰਜਾਬ ਪੁਲਿਸ ਤੇ ਐਨਆਈਏ ਨੂੰ ਕਈ ਕਤਲ ਕੇਸਾਂ ਵਿੱਚ ਲੋੜੀਂਦਾ ਹੈ। ਉਹ ਪਾਬੰਦੀਸ਼ੁਦਾ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ ਦੀਆਂ ਕਈ ਇਕਾਈਆਂ ਨਾਲ ਜੁੜਿਆ ਰਿਹਾ ਹੈ। ਦੱਸ ਦਈਏ ਕਿ ਭਾਜਪਾ ਤੇ ਆਰਐਸਐਸ ਆਗੂ ਰੁਲਦਾ ਸਿੰਘ ਖਰੌੜ ਉੱਤੇ ਪਟਿਆਲਾ ’ਚ ਤਿੰਨ ਹਮਲਾਵਰਾਂ ਵੱਲੋਂ 29 ਜੁਲਾਈ, 2009 ਨੂੰ ਬਹੁਤ ਬੇਰਹਿਮੀ ਨਾਲ ਚਿਹਰੇ ਉੱਤੇ ਤੇ ਢਿੱਡ ਵਿੱਚ ਕਈ ਗੋਲੀਆਂ ਮਾਰ ਕੇ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਦੇ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ ਸੀ; ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ 16 ਕੁ ਦਿਨਾਂ ਬਾਅਦ 14 ਅਗਸਤ, 2009 ਨੂੰ ਦਮ ਤੋੜ ਗਏ ਸਨ।

ਰੁਲਦਾ ਸਿੰਘ ਆਰਐਸਐਸ (ਰਾਸ਼ਟਰੀ ਸਵੈਮਸੇਵਕ ਸੰਘ) ਦੇ ਵਿੰਗ ‘ਰਾਸ਼ਟਰੀ ਸਿੱਖ ਸੰਗਤ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਐਨਆਰਆਈ ਵਿੰਗ ਦੇ ਜਨਰਲ ਸਕੱਤਰ ਵੀ ਸਨ। ‘ਦ ਟਾਈਮਜ਼ ਆਫ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਨਾਓਮੀ ਕੈਂਟਨ ਦੀ ਰਿਪੋਰਟ ਅਨੁਸਾਰ ਭਾਰਤ ਸਰਕਾਰ ਨੇ ਰੁਲਦਾ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਤਿੰਨੇ ਮੁਲਜ਼ਮਾਂ ਨੂੰ ਭਾਰਤ ਹਵਾਲੇ ਕਰਨ ਦੀ ਬਾਕਾਇਦੀ ਲਿਖਤੀ ਅਰਜ਼ੀ ਦਾਖ਼ਲ ਕੀਤੀ ਹੈ। ਰੁਲਦਾ ਸਿੰਘ ਕਈ ਵਾਰ ਇੰਗਲੈਂਡ ਤੇ ਹੋਰ ਦੇਸ਼ਾਂ ’ਚ ਵੱਸਦੇ ਸਿੱਖਾਂ ਕੋਲ ਜਾ ਕੇ ਉਨ੍ਹਾਂ ਨੂੰ ਭਾਰਤ ਪਰਤਣ ਦੀ ਅਪੀਲ ਕਰ ਕੇ ਆਏ ਸਨ ਪਰ ਉਨ੍ਹਾਂ ਦੀ ਇਸ ਕਾਰਵਾਈ ਨੂੰ ਆਰਐਸਐਸ ਨਾਲ ਜੁੜੇ ਹੋਣ ਕਾਰਣ ‘ਖ਼ਾਸ ਪ੍ਰਵਾਸੀ ਪੰਜਾਬੀਆਂ’ ਨੇ ਕਦੇ ਵੀ ਚੰਗਾ ਨਹੀਂ ਸਮਝਿਆ ਸੀ।

ਇੰਗਲੈਂਡ ’ਚ ਵੱਸਦੇ ਸਿੱਖਾਂ ਦੇ ਇੱਕ ਵਰਗ ਨੇ ਹੁਣ ਸੋਮਵਾਰ 21 ਦਸੰਬਰ, 2020 ਨੂੰ ਤਿੰਨ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿਖੇਧੀ ਕੀਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਹਫ਼ਤੇ ਇੰਗਲੈਂਡ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੇ ਨਵੀਂ ਦਿੱਲੀ ’ਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਸੀ। ਉਸ ਤੋਂ ਬਾਅਦ ਹੀ ਵੈਸਟ ਮਿਡਲੈਂਡਜ਼ ’ਚ ਸਥਿਤ ਪੰਜਾਬੀ ਪਰਿਵਾਰਾਂ ਦੇ ਘਰਾਂ ’ਤੇ ਛਾਪੇ ਮਾਰ ਕੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਵੀ ਆਖਿਆ ਜਾ ਰਿਹਾ ਹੈ ਕਿ 2010 ’ਚ ਵੈਸਟ ਮਿਡਲੈਂਡਜ਼ ਦੇ ਹੀ ਚਾਰ ਸਿੱਖ ਨੌਜਵਾਨਾਂ ਨੂੰ ਰੁਲਦਾ ਸਿੰਘ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਦਾਲਤ ਨੇ ਪੂਰੀ ਸੁਣਵਾਈ ਤੋਂ ਬਾਅਦ 2011 ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ।