ਚੰਡੀਗੜ੍ਹ: ਕਰਤਾਰਪੁਰ ਸਾਹਿਬ ਕੋਰੀਡੋਰ ਇਮੀਗ੍ਰੇਸ਼ਨ ਚੈੱਕ ਪੋਸਟ ਬੀਐਸਐਫ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਬਾਰੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਭਾਰਤ ਤੇ ਪਾਕਿਸਤਾਨ ਵਿਚਾਲੇ ਆਈਪੀਸੀ ਦੀ ਜ਼ਿੰਮੇਵਾਰੀ ਬੀਐਸਐਫ ਦੇ ਵਿਸ਼ੇਸ਼ ਦਸਤੇ ਹਵਾਲੇ ਹੋਏਗੀ। ਬੀਐਸਫ ਵੱਲੋਂ 8 ਨਵੰਬਰ ਤੋਂ ਪਹਿਲਾਂ ਪਹਿਲਾਂ ਚੈੱਕ ਪੋਸਟ ਦਾ ਚਾਰਜ ਸੰਭਾਲ ਲੈਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਬੀਐਸਐਫ ਦੇ ਵਿਸ਼ੇਸ਼ ਦਸਤੇ ਇੱਕ-ਦੋ ਦਿਨ ਵਿੱਚ ਡੇਰਾ ਬਾਬਾ ਨਾਨਕ ਪੁੱਜਣ ਦੀ ਉਮੀਦ ਹੈ। ਇਹ ਦਸਤੇ ‘ਪੈਸੇਂਜਰ ਟਰਮੀਨਲ ਬਿਲਡਿੰਗ’ ਤੇ 4.2 ਕਿਲੋਮੀਟਰ ਲਾਂਘੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਗੇ।

ਸਰਕਾਰੀ ਸੂਤਰਾਂ ਮੁਤਾਬਕ ਡੇਰਾ ਬਾਬਾ ਨਾਨਕ ਵਿੱਚ ਤਿਆਰ ਕੀਤਾ ਜਾ ਰਿਹਾ ਪ੍ਰਾਜੈਕਟ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨੂੰ ਸੌਂਪਿਆ ਹੋਇਆ ਹੈ। ਅਧਿਕਾਰੀਆਂ ਨੇ ਇੱਥੇ ਤਾਇਨਾਤ ਕੀਤੀਆਂ ਜਾ ਰਹੀਆਂ ਕੰਪਨੀਆਂ ਦੀ ਗਿਣਤੀ ਬਾਰੇ ਸੁਰੱਖਿਆ ਕਾਰਨਾਂ ਕਰਕੇ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇੱਕ ਅਧਿਕਾਰੀ ਮੁਤਾਬਕ ਕਰਤਾਰਪੁਰ ਲਾਂਘੇ ਦੇ 8 ਨਵੰਬਰ ਨੂੰ ਉਦਘਾਟਨ ਤੋਂ ਪਹਿਲਾਂ ਸਮੁੱਚੀ ਆਈਸੀਪੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀਮਾ ਸੁਰੱਖਿਆ ਬਲ ਦੇ ਵਿਸ਼ੇਸ਼ ਦਸਤਿਆਂ ਹਵਾਲੇ ਹੋਵੇਗੀ।

ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਵੀ ਸਰਹੱਦ ਉੱਤੇ ਜ਼ੀਰੋ ਲਾਈਨ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੈ ਤੇ ਪੰਜਾਬ ਪੁਲਿਸ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ। ਟਰਮੀਨਲ ਉੱਤੇ ਸ਼ਰਧਾਲੂਆਂ ਦੀ ਸਹਾਇਤਾ ਲਈ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਨਾਲ ਨਾਲ ਕਸਟਮ ਤੇ ਸੂਬਾ ਪੁਲਿਸ ਦੇ ਮੁਲਾਜ਼ਮ ਵੀ ਤਾਇਨਾਤ ਹੋਣਗੇ। ਆਮ ਤੌਰ ਉੱਤੇ ਇਮੀਗ੍ਰੇਸ਼ਨ ਡਿਊਟੀ ਉੱਤੇ ਸੈਂਟਰਲ ਇੰਡਸਟ੍ਰੀਅਲ ਫੋਰਸ ਨੂੰ ਤਾਇਨਾਤਾ ਕੀਤਾ ਜਾਂਦਾ ਹੈ ਪਰ ਸਰਹੱਦ ਉੱਤੇ ਹੋਣ ਕਾਰਨ ਇੱਥੇ ਸੁਰੱਖਿਆ ਦੀ ਜ਼ਿੰਮੇਵਾਰੀ ਸੀਮਾ ਸੁਰੱਖਿਆ ਬਲ ਨੂੰ ਸੌਂਪੀ ਗਈ ਹੈ।