ਲੁਧਿਆਣਾ: ਮਾਛੀਵਾੜਾ ਨੇੜਲੇ ਪਿੰਡ ਲੁਬਾਣਗੜ੍ਹ ਦੇ ਵਾਸੀ ਹਰਜੀਤ ਸਿੰਘ ਦੀ ਕੈਨੇਡਾ ਵਿੱਚ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਆਪਣਾ ਟਰਾਲਾ ਲੈ ਕੇ ਅਮਰੀਕਾ ਤੋਂ ਪਰਤ ਰਿਹਾ ਸੀ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ।


ਹਾਸਲ ਜਾਣਕਾਰੀ ਅਨੁਸਾਰ ਹਰਜੀਤ ਸਿੰਘ (42 ਸਾਲ) ਕਰੀਬ ਦੋ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਤੇ ਸਰੀ ਸ਼ਹਿਰ ’ਚ ਟਰਾਲਾ ਚਲਾਉਂਦਾ ਸੀ। ਹਰਜੀਤ ਸਿੰਘ ਟਰਾਲੇ ਵਿੱਚ ਸਾਮਾਨ ਲੱਦ ਕੇ ਕੈਨੇਡਾ ਤੋਂ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਗਿਆ ਤੇ ਉੱਥੇ ਸਾਮਾਨ ਉਤਾਰ ਕੇ ਕੈਨੇਡਾ ਪਰਤ ਰਿਹਾ ਸੀ।

ਵਾਪਸ ਆਉਂਦਿਆਂ ਅਚਾਨਕ ਉਸ ਦੀ ਛਾਤੀ ਵਿੱਚ ਦਰਦ ਉੱਠਿਆ। ਉਸ ਨੇ ਟਰਾਲਾ ਰਸਤੇ ’ਚ ਖੜ੍ਹਾ ਕਰਕੇ ਪਿੰਡ ਰਹਿੰਦੀ ਆਪਣੀ ਪਤਨੀ ਨੂੰ ਫੋਨ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਕੁਝ ਹੀ ਮਿੰਟਾਂ ਮਗਰੋਂ ਹਰਜੀਤ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਕੈਨੇਡਾ ਰਹਿੰਦੇ ਉਸ ਦੇ ਸਾਥੀਆਂ ਨੇ ਜਦੋਂ ਭਾਲ ਕੀਤੀ ਤਾਂ ਕੈਲੇਫੋਰਨੀਆ ਵਿੱਚ ਇੱਕ ਪੰਪ ’ਤੇ ਉਸ ਦਾ ਟਰਾਲਾ ਖੜ੍ਹਾ ਦਿਖਾਈ ਦਿੱਤਾ।

ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਹਰਜੀਤ ਸਿੰਘ ਮ੍ਰਿਤਕ ਹਾਲਤ ਵਿੱਚ ਪਿਆ ਮਿਲਿਆ। ਇਸ ਸਬੰਧੀ ਹਰਜੀਤ ਸਿੰਘ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸ ਦੇ ਦੋ ਬੱਚੇ ਹਨ। ਹਰਜੀਤ ਦੇ ਪਰਿਵਾਰਕ ਮੈਂਬਰ ਉਸ ਦਾ ਸਸਕਾਰ ਕੈਨੇਡਾ ਵਿੱਚ ਹੀ ਕਰਨਾ ਚਾਹੁੰਦੇ ਹਨ।