ਹੁਸ਼ਿਆਰਪੁਰ: ਬਹੁਜਨ ਸਮਾਜ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਤੋਂ ਇਨਕਾਰ ਕਰ ਦਿੱਤਾ ਹੈ। ਬਸਪਾ ਵੱਲੋਂ ਇਹ ਐਲਾਨ ਉਦੋਂ ਕੀਤਾ ਗਿਆ ਹੈ ਜਦ 'ਆਪ' ਉਨ੍ਹਾਂ ਨਾਲ ਗਠਜੋੜ ਕਰਨ ਲਈ ਅੱਗੇ ਵਧਦੀ ਵਿਖਾਈ ਦੇ ਰਹੀ ਹੈ।
ਬਸਪਾ ਦੇ ਪੰਜਾਬ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ 'ਆਪ' ਨਾਲ ਗਠਜੋੜ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਸਪਾ ਤੀਜੇ ਫਰੰਟ ਵਿੱਚ ਜਾਵੇਗੀ। ਬਸਪਾ ਦੇ ਸੂਬਾ ਪ੍ਰਧਾਨ ਮੁਤਾਬਕ 'ਆਪ' ਨਾਲ ਗਠਜੋੜ ਸੀਟਾਂ ਦੀ ਵੰਡ ਕਰਕੇ ਸਿਰੇ ਨਹੀਂ ਚੜ੍ਹ ਸਕਦਾ।
ਰਾਜੂ ਨੇ ਕਿਹਾ ਕਿ ਸੰਗਰੂਰ, ਖਡੂਰ ਸਾਹਿਬ ਤੇ ਦੁਆਬੇ ਦੀਆਂ ਸੀਟਾਂ 'ਤੇ 'ਆਪ' ਨੇ ਪਹਿਲਾਂ ਹੀ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਉਨ੍ਹਾਂ 'ਆਪ' ਵੱਲੋਂ ਐਲਾਨੀਆਂ ਗਈਆਂ ਲੋਕ ਸਭਾ ਸੀਟਾਂ ਨੂੰ ਦਲਿਤਾਂ ਦਾ ਗੜ੍ਹ ਦੱਸਦਿਆਂ ਬਸਪਾ ਦਾ ਹੱਕ ਜਤਾਇਆ। ਹਾਲਾਂਕਿ, ਬਸਪਾ ਦੇ ਸੂਬਾ ਪ੍ਰਧਾਨ ਰਸ਼ਪਾਲ ਨੇ ਇਹ ਵੀ ਕਿਹਾ ਕਿ ਜੇਕਰ 'ਆਪ' ਆਪਣੇ ਉਮੀਦਵਾਰਾਂ ਦੇ ਨਾਂਅ ਵਾਪਸ ਲੈ ਲਵੇ, ਗੱਠਜੋੜ ਬਾਰੇ ਤਾਂ ਹੀ ਕੋਈ ਵਿਚਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ: 'ਆਪ' ਵੱਲੋਂ ਪੰਜਾਬ ਦੇ ਤੀਜੇ ਫਰੰਟ 'ਚ ਸੰਨ੍ਹ ਲਾਉਣ ਦੀ ਤਿਆਰੀ, ਕੇਜਰੀਵਾਲ ਤੋਂ ਮੰਗੀ ਹਰੀ ਝੰਡੀ
ਰਿਵਾਇਤੀ ਪਾਰਟੀਆਂ ਯਾਨੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਤੋਂ ਇਲਾਵਾ ਸੁਖਪਾਲ ਖਹਿਰਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਦਲਾਂ ਸਮੇਤ ਹੋਰਨਾਂ ਪਾਰਟੀਆਂ ਨੇ ਇਕੱਠੇ ਹੋ ਕੇ ਤੀਜਾ ਫਰੰਟ ਯਾਨੀ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦਾ ਗਠਨ ਕਰ ਲਿਆ ਹੈ। ਹੁਣ ਬਸਪਾ ਨੇ ਵੀ ਪੀਡੀਏ ਨਾਲ ਜਾਣ ਦਾ ਮਨ ਬਣਾ ਲਿਆ ਹੈ ਅਤੇ ਐਲਾਨ ਕੀਤਾ ਹੈ ਕਿ ਤੀਜੇ ਫਰੰਟ ਦੀਆਂ ਸੀਟਾਂ ਦੀ ਵੰਡ 'ਤੇ ਵੀ ਸਹਿਮਤੀ ਬਣ ਗਈ ਹੈ।
ਅਜਿਹੇ ਵਿੱਚ 'ਆਪ' ਲਈ ਸਥਿਤੀ ਬੇਹੱਦ ਮੁਸ਼ਕਿਲ ਹੋ ਜਾਵੇਗੀ ਅਤੇ ਨਾਲ ਹੀ ਪੰਜਾਬ ਕੋਰ ਕਮੇਟੀ ਦੀ ਬੈਠਕ ਵਿੱਚ ਪਾਸ ਕੀਤੇ ਬਸਪਾ ਨਾਲ ਗਠਜੋੜ ਦੇ ਮਤੇ ਨੂੰ ਹਾਈਕਮਾਨ ਕੋਲ ਭੇਜਣ ਦੀ ਵੀ ਕੋਈ ਤੁਕ ਬਾਕੀ ਨਹੀਂ ਰਹਿ ਜਾਂਦੀ। ਉੱਧਰ, ਵਿਧਾਨ ਸਭਾ ਚੋਣਾਂ ਮਗਰੋਂ ਹਰ ਚੋਣ ਹਾਰਨ ਵਾਲੀ ਆਮ ਆਦਮੀ ਪਾਰਟੀ ਲਈ ਆਉਂਦੀਆਂ ਲੋਕ ਸਭਾ ਚੋਣਾਂ ਬੇਹੱਦ ਮੁਸ਼ਕਿਲ ਹੋ ਜਾਣਗੀਆਂ। ਖਹਿਰਾ ਦੀ ਮੌਜੂਦਗੀ ਕਰਕੇ ਉਹ ਪੀਡੀਏ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਅਤੇ ਹੁਣ ਆਖਰੀ ਉਮੀਦ ਬਸਪਾ ਨੇ ਵੀ 'ਆਪ' ਨੂੰ ਕਰਾਰ ਝਟਕਾ ਦੇ ਦਿੱਤਾ ਹੈ।