ਗੁਰਦਾਸਪੁਰ: ਬਟਾਲਾ 'ਚ ਪਿਤਾ ਵੱਲੋਂ ਜਵਾਨ ਪੁੱਤ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਪੁੱਤ ਮਨਜਿੰਦਰ ਸਿੰਘ ਨਸ਼ੇ ਕਰਦਾ ਸੀ। ਉਹ ਨਸ਼ਾ ਕਰਕੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਅੱਕ ਕੇ ਕਤਲ ਕਰ ਦਿੱਤਾ।
ਕਾਬਲੇਗੌਰ ਹੈ ਕਿ ਤਿੰਨ ਦਿਨ ਪਹਿਲਾਂ ਬਟਾਲਾ ਦੀ ਕਲਗੀਧਰ ਕਲੋਨੀ ਦੇ ਰਹਿਣ ਵਾਲੇ ਟੈਕਸੀ ਆਪਰੇਟਰ ਮਨਜਿੰਦਰ ਸਿੰਘ ਦੀ ਲਾਸ਼ ਕਸਬਾ ਵਡਾਲਾ ਗ੍ਰੰਥੀਆਂ ਨੇੜੇ ਉਸੇ ਦੀ ਇਨੋਵਾ ਗੱਡੀ ਵਿੱਚ ਮਿਲੀ ਸੀ। ਪਹਿਲਾਂ ਪਿਤਾ ਜੋਗਿੰਦਰ ਸਿੰਘ ਨੇ ਪੁਲਿਸ ਨੂੰ ਆਖਿਆ ਕਿ ਉਸ ਦਾ ਬੇਟਾ ਦੇਰ ਰਾਤ ਘਰੋਂ ਗਿਆ ਪਰ ਵਾਪਸ ਨਹੀਂ ਆਇਆ। ਤਫਤੀਸ਼ ਪਿੱਛੋਂ ਖੁਦ ਪਿਤਾ ਹੀ ਕਾਤਲ ਨਿਕਲਿਆ। ਪੁਲਿਸ ਵੱਲੋਂ ਪਿਤਾ ਤੇ ਮ੍ਰਿਤਕ ਦੇ ਸਾਲੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਐਸਐਸਪੀ ਉਪਿੰਦਰਜੀਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਸ਼ਰਾਬ ਤੇ ਨਸ਼ੇ ਦਾ ਆਦੀ ਸੀ। ਅਕਸਰ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਦੁਖੀ ਹੋ ਕੇ 4 ਫਰਵਰੀ ਦੀ ਰਾਤ ਨੂੰ ਮਨਜਿੰਦਰ ਨੂੰ ਪਹਿਲਾਂ ਉਸ ਦੇ ਪਿਤਾ ਨੇ ਬੁਰੀ ਤਰ੍ਹਾਂ ਕੁੱਟਿਆ। ਜਦ ਮਨਜਿੰਦਰ ਨੇ ਇਸ ਕੁੱਟਮਾਰ ਦੀ ਸ਼ਿਕਇਤ ਪੁਲਿਸ ਕੰਟਰੋਲ ਨੰਬਰ 181 'ਤੇ ਕੀਤੀ ਤਾਂ ਪਿਤਾ ਨੇ ਬੇਟੇ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਉਸ ਦੀ ਲਾਸ਼ ਗੱਡੀ ਵਿੱਚ ਰੱਖ ਮ੍ਰਿਤਕ ਦੇ ਸਾਲੇ ਸਤਨਾਮ ਸਿੰਘ ਦਾ ਸਾਥ ਲੈ ਕੇ ਬਟਾਲਾ ਨੇੜੇ ਕਸਬਾ ਵਡਾਲਾ ਗ੍ਰੰਥੀਆ ਨੇੜੇ ਛੱਡ ਆਏ ਤਾਂ ਜੋ ਕਿਸੇ ਨੂੰ ਸ਼ਕ਼ ਨਾ ਹੋਵੇ।