ਚੰਡੀਗੜ੍ਹ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅੱਜ ਸਰਕਾਰ ਦਾ ਦੂਜਾ ਬਜਟ ਪੇਸ਼ ਕਰਨ ਜਾ ਰਹੇ ਹਨ। ਇਸ ਬਜਟ ਵਿੱਚ ਕਿਸਾਨਾਂ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਕੁਝ ਖਾਸ ਐਲਾਨ ਹੋਣ ਦੀ ਸੰਭਾਵਨਾ ਹੈ।
ਬੀਤੇ ਕੱਲ੍ਹ ਹੁਸੈਨੀਵਾਲਾ ਸਰਹੱਦ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਰਾਜ ਮਾਤਾ ਵਿਦਿਆਵਤੀ ਤੇ ਬੀ.ਕੇ. ਦੱਤ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ। ਇੱਥੇ ਬਾਦਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਣ ਵਾਲਾ ਬਜਟ ਪੂਰੀ ਤਰ੍ਹਾਂ ਲੋਕ ਪੱਖੀ ਤੇ ਪੰਜਾਬ ਪੱਖੀ ਹੋਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੌਮੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ, ਰਾਜ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਤੇ ਸੂਬੇ ਵਿੱਚੋਂ ਨਸ਼ਾਖੋਰੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਆਦਿ ਦੇ ਖਾਤਮੇ ਲਈ ਪਿਛਲੇ ਇਕ ਸਾਲ ਤੋਂ ਵੱਡੇ ਯਤਨ ਕੀਤੇ ਜਾ ਰਹੇ ਹਨ ਅਤੇ ਸਰਕਾਰ ਨੂੰ ਇਸ ਕੰਮ ਵਿੱਚ ਲੋਕਾਂ ਦੇ ਸਹਿਯੋਗ ਨਾਲ ਵੱਡੀ ਸਫ਼ਲਤਾ ਹਾਸਲ ਹੋ ਰਹੀ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਨੌਜਵਾਨਾਂ ਨੂੰ ਨੌਕਰੀਆਂ ਤੇ ਸਵੈ-ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਜਿੱਥੇ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ ਗਈ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਅੱਜ ਦੇ ਦਿਨ ਨੂੰ ਯੁਵਾ ਸ਼ਕਤੀਕਰਨ ਵਜੋਂ ਸੂਬੇ ਦੇ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ ਹੈ।
ਉਨ੍ਹਾਂ ਸ਼ਹੀਦਾਂ ਦੇ ਸਾਥੀ ਰਹੇ ਬੀ.ਕੇ ਦੱਤ ਦੀ ਪੁੱਤਰੀ ਡਾ. ਭਾਰਤੀ ਦੱਤ ਬਾਗਚੀ ਦੇ ਸ਼ਹੀਦੀ ਸਮਾਰਕ ’ਤੇ ਪੁੱਜਣ 'ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਐਸਟੀਐਫ ਦੇ ਆਈਜੀ ਬਲਕਾਰ ਸਿੰਘ ਸਿੱਧੂ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ‘ਡੇਪੋ’ ਮੈਂਬਰ ਦਾ ਸ਼ਨਾਖ਼ਤੀ ਕਾਰਡ ਵੀ ਦਿੱਤਾ ਗਿਆ।