ਸ੍ਰੀ ਮੁਕਤਸਰ ਸਾਹਿਬ: ਮਲੋਟ ਦੇ ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਵੱਡੀ ਗਿਣਤੀ ਵਿੱਚ ਮੈਰਿਜ ਸਰਟੀਫਿਕੇਟ ਜਾਰੀ ਕਰਨ ਦੀ ਸੂਚਨਾ ਹੈ। ਮਾਮਲਾ ਇਸ ਕਰਕੇ ਸ਼ੱਕੀ ਜਾਪਦਾ ਹੈ ਕਿਉਂਕਿ ਇੱਥੋਂ ਦੇ ਵਾਰਡ ਨੰਬਰ-26 ਦੇ ਇੱਕ ਘਰ ਵਿੱਚ ਬਣੇ ਗੁਰਦੁਆਰੇ 'ਚ 200 ਵਿਆਹ ਦਰਜ ਹੋਏ ਹਨ। ਹੁਣ ਸ੍ਰੀ ਮੁਕਤਸਰ ਸਾਹਿਬ ਦੇ ਗਿਆਨੀ ਭੋਲਾ ਸਿੰਘ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜ ਮੈਂਬਰੀ ਟੀਮ ਫਾਜ਼ਿਲਕਾ ਸਬੰਧਤ ਸਮਾਜਸੇਵੀ ਰਾਜਪਾਲ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕੀਤੀ ਸ਼ਿਕਾਇਤ ਦੀ ਪੜਤਾਲ ਕਰ ਰਹੀ ਹੈ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦ ਪਿੰਡ ਹਾਕੂਵਾਲਾ ਤੋਂ ਆਏ ਲੜਕੀ ਦੇ ਪਿਤਾ ਨੇ ਦੱਸਿਆ ਕਿ ਇਸ ਗੁਰਦੁਆਰੇ ਦਾ ਮੁਖੀ ਕਰਮ ਸਿੰਘ ਉਨ੍ਹਾਂ ਜੋੜਿਆਂ ਦਾ ਵਿਆਹ ਕਰਵਾਉਂਦਾ ਸੀ, ਜੋ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਉਸ ਕੋਲ ਪਹੁੰਚ ਕਰਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਬਿਨਾਂ ਲਾਵਾਂ ਤੋਂ ਹੀ ਵਿਆਹ ਦਾ ਸਰਟੀਫਿਕੇਟ ਜਾਰੀ ਕਰ ਦਿੰਦਾ ਸੀ। ਕਰਮ ਸਿੰਘ ਕੋਲ ਦਿੱਲੀ-ਨੋਇਡਾ ਸਮੇਤ ਦੂਰ-ਦੁਰਾਡੇ ਤੋਂ ਬਹੁ-ਗਿਣਤੀ ਜੋੜੇ ਆਉਂਦੇ ਸਨ।

ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਜ਼ਬਤ ਕੀਤੇ ਰਿਕਾਰਡ ਮੁਤਾਬਕ ਹਾਕੂਵਾਲ ਦੇ ਵਿਅਕਤੀ ਦੀ ਧੀ ਦਾ ਵਿਆਹ 27 ਮਾਰਚ ਨੂੰ ਹੋਇਆ ਤੇ ਇੱਕ ਮਹੀਨੇ ਦਰਮਿਆਨ ਹੀ ਬਾਬੇ ਨੇ 16 ਹੋਰ ਵਿਆਹ ਕਰਵਾ ਦਿੱਤੇ। ਗੁਰਦੁਆਰੇ ਦੇ ਨੇੜੇ ਰਹਿੰਦੀ ਬਜ਼ੁਰਗ ਔਰਤ ਨੇ ਦੱਸਿਆ ਕਿ ਇੱਥੇ ਤਾਂ ਰਾਤ ਦੇ ਵਕਤ ਲੜਕੇ-ਲੜਕੀਆਂ ਦੇ ਵਿਆਹ ਕਰਵਾ ਦਿੱਤੇ ਜਾਂਦੇ ਸਨ। ਹੁਣ ਪਰਿਵਾਰ ਨੇ ਸਾਰਾ ਮਾਮਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਤੇ ਕਰਮ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ, ਗੁਰਦੁਆਰੇ ਦੇ ਮੁਖੀ ਕਰਮ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।