Punjab News: ਕਈ ਥਾਵਾਂ 'ਤੇ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਡਰਾਈਵਰ ਖੁਦ ਹੀ ਤੇਲ ਚੋਰੀ ਕਰਦੇ ਹਨ, ਜਦਕਿ ਕਈ ਥਾਵਾਂ 'ਤੇ ਬੱਸਾਂ ਆਪਣੇ ਅਸਲ ਰੂਟਾਂ 'ਤੇ ਨਹੀਂ ਚੱਲਦੀਆਂ | ਇਹ ਗੱਲ ਫਲਾਇੰਗ ਸਕੁਐਡ ਦੀ ਜਾਂਚ ਵਿੱਚ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਇੱਕ ਬੱਸ ਅਣਅਧਿਕਾਰਤ ਢਾਬੇ 'ਤੇ ਖੜ੍ਹੀ ਪਾਈ ਗਈ। ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਡਰਾਈਵਰਾਂ ਤੇ ਕੰਡਕਟਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।


ਕੀ ਪਾਈਆਂ ਗਈਆਂ ਹਨ ਖਾਮੀਆਂ


ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਬੀਤੇ ਦਿਨੀਂ ਹਰਿਆਣਾ ਵਿਖੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਿਰਸਾ ਬੱਸ ਸਟੈਂਡ ਵਿਖੇ ਬੀਤੀ ਰਾਤ 10:30 ਵਜੇ ਕੀਤੀ ਗਈ ਚੈਕਿੰਗ ਦੌਰਾਨ ਪਨਬੱਸ ਡਿਪੂ ਰੂਪਨਗਰ ਦੀ ਬੱਸ ਨੰਬਰ ਪੀ.ਬੀ-12-ਵਾਈ 1540 ਦੇ ਡਰਾਈਵਰ ਰਾਜਪਾਲ ਸਿੰਘ ਨੂੰ ਕਰੀਬ 20 ਲੀਟਰ ਡੀਜ਼ਲ ਚੋਰੀ ਕਰਦਿਆਂ ਰੰਗੇ-ਹੱਥੀਂ ਕਾਬੂ ਕੀਤਾ ਗਿਆ ।ਇਸੇ ਤਰ੍ਹਾਂ ਹਿਸਾਰ (ਹਰਿਆਣਾ) ਦੇ ਬੱਸ ਸਟੈਂਡ ਵਿਖੇ ਰਾਤ ਵੇਲੇ ਚੈਕਿੰਗ ਦੌਰਾਨ ਪਨਬੱਸ ਡਿਪੂ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਨੰਬਰ ਪੀ.ਬੀ-04-ਏ.ਏ. 7459 ਦੇ ਡਰਾਈਵਰ ਲਖਵਿੰਦਰ ਸਿੰਘ ਨੂੰ ਕਰੀਬ 15 ਲੀਟਰ ਡੀਜ਼ਲ ਚੋਰੀ ਦੇ ਮਾਮਲੇ ਵਿੱਚ ਰਿਪੋਰਟ ਕੀਤਾ ਗਿਆ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਅਣਅਧਿਕਾਰਤ ਰੂਟ 'ਤੇ ਚਲ ਰਹੀ ਇੱਕ ਬੱਸ ਨੂੰ ਵੀ ਰਿਪੋਰਟ ਕੀਤਾ ਹੈ। 


ਇਸ ਮਾਮਲੇ ਵਿੱਚ ਡਰਾਈਵਰ ਬਲਦੇਵ ਸਿੰਘ ਅਤੇ ਕੰਡਕਟਰ ਹਰਪਾਲ ਸਿੰਘ ਨੂੰ ਮੁੱਲਾਂਪੁਰ ਦਾਖਾ ਵਿਖੇ ਚੈਕਿੰਗ ਦੌਰਾਨ ਫੜਿਆ ਗਿਆ। ਇਹ ਲੋਕ ਸਵਾਰੀਆਂ ਨੂੰ ਅਸਲ ਰੂਟਾਂ ’ਤੇ ਛੱਡ ਕੇ ਵਿਭਾਗ ਦਾ ਮਾਲੀ ਨੁਕਸਾਨ ਕਰ ਰਹੇ ਸਨ। ਫਿਰੋਜ਼ਪੁਰ ਡਿਪੂ ਦੀ ਇਹ ਬੱਸ ਮੁੱਲਾਂਪੁਰ ਬੱਸ ਸਟੈਂਡ ਦੀ ਬਜਾਏ ਪੁਲ ਤੋਂ ਉਤਾਰੀ ਜਾ ਰਹੀ ਸੀ।


ਜ਼ਿਕਰ ਕਰ ਦਈਏ ਕਿ ਅੰਮ੍ਰਿਤਸਰ-2 ਡਿਪੂ ਦੀ ਬੱਸ ਬਲਾਚੌਰ ਦੇ ਇੱਕ ਅਣਅਧਿਕਾਰਤ ਢਾਬੇ 'ਤੇ ਖੜ੍ਹੀ ਮਿਲੀ। ਇਸ ਮਾਮਲੇ 'ਚ ਡਰਾਈਵਰ ਰਣਜੀਤ ਸਿੰਘ ਅਤੇ ਕੰਡਕਟਰ ਜਗਜੀਤ ਸਿੰਘ ਦੀ ਸ਼ਿਕਾਇਤ ਕੀਤੀ ਗਈ ਹੈ। ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਨਾਮਜ਼ਦ ਡਰਾਈਵਰਾਂ ਤੇ ਕੰਡਕਟਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।