Chandigarh News : ਕਈ ਵਿਵਾਦਾਂ ਵਿੱਚ ਘਿਰਨ ਮਗਰੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਐਕਸ਼ਨ ਮੋਡ ਵਿੱਚ ਆ ਗਈ ਹੈ। ਹੁਣ ਉਹ ਜਨਤਕ ਕੰਮਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਸ਼ਨੀਵਾਰ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਥਿਤ ਗੈਰਮਿਆਰੀ ਸਮੱਗਰੀ ਵਰਤ ਕੇ ਸੜਕਾਂ ਬਣਾਉਣ ਵਾਲੇ ਠੇਕੇਦਾਰਾਂ ਤੇ ਅਧਿਕਾਰੀਆਂ ਦੀ ਝਾੜ-ਝੰਬ ਕੀਤੀ। ਕੈਬਨਿਟ ਮੰਤਰੀ ਨੇ ਪਿੰਡ ਜਕੜਮਾਜਰਾ ਵਿੱਚ ਬਣ ਰਹੀ ਲਿੰਕ ਸੜਕ ਦੇ ਕੰਮ ਦੀ ਜਾਂਚ ਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ।



ਜ਼ਿਕਰਯੋਗ ਹੈ ਕਿ ਪਿੰਡ ਜਕੜਮਾਜਰਾ ਵਿੱਚ ਬਣ ਰਹੀ ਸੜਕ ਪ੍ਰੀਮਿਕਸ ਪੈਂਦਿਆਂ ਹੀ ਉੱਖੜਨ ਦੀ ਸ਼ਿਕਾਇਤ ਪਿੰਡ ਵਾਸੀਆਂ ਵੱਲੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਕੀਤੀ ਗਈ। ਸੂਚਨਾ ਮਿਲਦਿਆਂ ਹੀ ਉਹ ਅਧਿਕਾਰੀਆਂ ਨਾਲ ਮੌਕੇ ’ਤੇ ਪੁੱਜੇ ਅਤੇ ਉੱਖੜੀ ਸੜਕ ਦਾ ਜਾਇਜ਼ਾ ਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਬਣਾਈ ਸੜਕ ਘੰਟਿਆਂ ਬਾਅਦ ਹੀ ਉੱਖੜਨੀ ਸ਼ੁਰੂ ਹੋ ਗਈ।

ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਠੇਕੇਦਾਰ ਤੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਗਿਆ ਤਾਂ ਪਹਿਲਾਂ ਉਨ੍ਹਾਂ ਨੂੰ ਸਮਝੌਤਾ ਕਰਨ ਲਈ ਕਿਹਾ ਗਿਆ ਤੇ ਫਿਰ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਵਿਰੋਧ ਕਰਨਗੇ ਤਾਂ ਰਹਿੰਦਾ ਕੰਮ ਮਾਰਚ ਮਹੀਨੇ ਤੋਂ ਬਾਅਦ ਕੀਤਾ ਜਾਵੇਗਾ ਅਤੇ ਉਹ ਆਪਣੀ ਮਸ਼ੀਨਰੀ ਇੱਥੋਂ ਵਾਪਸ ਲੈ ਜਾਣਗੇ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਸੜਕ ਦਸ ਸਾਲਾਂ ਬਾਅਦ ਬਣ ਰਹੀ ਹੈ ਜੋ ਘੰਟਿਆਂ ਬਾਅਦ ਹੀ ਭੁਰ ਗਈ।

ਕੈਬਨਿਟ ਮੰਤਰੀ ਨੇ ਮੌਕੇ ’ਤੇ ਹਾਜ਼ਰ ਐਸਡੀਓ ਤੇ ਹੋਰ ਮੁਲਾਜ਼ਮਾਂ ਦੀ ਚੰਗੀ ਕਲਾਸ ਲਗਾਈ ਤੇ ਇਸ ਸਬੰਧੀ ਰਿਪੋਰਟ ਸਬੰਧਤ ਮੰਤਰੀ ਨੂੰ ਭੇਜ ਕੇ ਕਾਰਵਾਈ ਲਈ ਲਿਖਣ ਬਾਰੇ ਕਿਹਾ। ਉਨ੍ਹਾਂ ਐਸਡੀਐਮ (ਖਰੜ) ਰਵਿੰਦਰ ਸਿੰਘ ਨੂੰ ਮਾਮਲੇ ਦੀ ਜਾਂਚ ਕਰਨ ਤੇ ਸਮਝੌਤਾ ਕਰਵਾਉਣ ਲਈ ਦਬਾਅ ਪਾਉਣ ਵਾਲਿਆਂ ਤੇ ਮਸ਼ੀਨਰੀ ਵਾਪਸ ਲਿਜਾਣ ਬਾਰੇ ਕਹਿਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਲਈ ਕਿਹਾ। ਉਨ੍ਹਾਂ ਐਸਡੀਐਮ ਨੂੰ ਠੇਕਾ ਰੱਦ ਕਰਨ ਅਤੇ ਕਿਸੇ ਇਮਾਨਦਾਰ ਠੇਕੇਦਾਰ ਨੂੰ ਕੰਮ ਅਲਾਟ ਕਰਨ ਦੇ ਨਿਰਦੇਸ਼ ਦਿੱਤੇ।

ਕੈਬਨਿਟ ਮੰਤਰੀ ਨੇ ਸਹੀ ਜ਼ਿੰਮੇਵਾਰੀ ਨਾ ਨਿਭਾਉਣ ਵਾਲੇ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਕਰਮਚਾਰੀ ਤੇ ਅਧਿਕਾਰੀ ਇਮਾਨਦਾਰੀ ਨਾਲ ਨੌਕਰੀ ਨਹੀਂ ਕਰ ਸਕਦੇ ਉਹ ਨੌਕਰੀਆਂ ਛੱਡ ਕੇ ਹੋਰਨਾਂ ਨੌਜਵਾਨਾਂ ਨੂੰ ਮੌਕਾ ਦੇਣ। ਉਨ੍ਹਾਂ ਕਿਹਾ ਕਿ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਹਲਕੇ ਵਿੱਚ ਕੋਈ ਥਾਂ ਨਹੀਂ ਜਿਨ੍ਹਾਂ ਕਾਰਨ ਉਨ੍ਹਾਂ ਤੇ ਸਰਕਾਰ ਦਾ ਅਕਸ ਖਰਾਬ ਹੁੰਦਾ ਹੋਵੇ।