Sidhu Moosewala Murder Case : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਸਾਜਿਸ਼ਕਾਰ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਬਾਰੇ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਨੇ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਬਾਰੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ।

 

ਗੈਂਗਸਟਰ ਗੋਲਡੀ ਬਰਾੜ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਦਰਮਿਆਨ ਐਫਬੀਆਈ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਰਾਹੀਂ ਗੋਲਡੀ ਨਾਲ ਸਬੰਧਤ ਹੋਰ ਜਾਣਕਾਰੀ ਮੰਗੀ ਹੈ। ਗੋਲਡੀ ਬਰਾੜ ਨੂੰ ਜਲਦ ਹੀ ਭਾਰਤ ਲਿਆਉਣ ਦੀ ਪ੍ਰਕਿਰਿਆ ਨਾਲ ਜੋੜਿਆ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜਿਸ਼ਕਾਰ ਗੋਲਡੀ ਨੂੰ ਅਮਰੀਕੀ ਏਜੰਸੀ ਨੇ ਕੈਲੀਫੋਰਨੀਆ ਵਿੱਚ ਫੜ ਲਿਆ ਹੈ। ਮੁੱਖ ਮੰਤਰੀ ਮਾਨ ਨੇ ਵੀ ਪੁਸ਼ਟੀ ਕੀਤੀ ਸੀ ਕਿ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇਗਾ।

ਇਸ ਦੇ ਨਾਲ ਹੀ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ 'ਤੇ ਭਰੋਸਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਠੋਸ ਸੂਚਨਾ ਹੈ ਕਿ ਬਰਾੜ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸੀਐਮ ਮਾਨ ਦਾ ਬਿਆਨ ਗੁੰਮਰਾਹਕੁੰਨ ਹੈ। ਕੀ ਡੀਜੀਪੀ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਫੜ ਲਿਆ ਗਿਆ ਹੈ। ਜੇਕਰ ਉਹ ਸੱਚਮੁੱਚ ਫੜਿਆ ਗਿਆ ਹੈ ਤਾਂ ਇਸ ਨੂੰ ਜਨਤਕ ਕੀਤਾ ਜਾਵੇ।



 





 

ਓਧਰ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਨ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਉਸਦਾ ਪਰਿਵਾਰ ਮੁਕਤਸਰ ਸ਼ਹਿਰ ਛੱਡ ਗਿਆ ਸੀ। ਗੋਲਡੀ ਬਰਾੜ ਦਾ ਪਰਿਵਾਰ ਮੁਕਤਸਰ ਦੇ ਬਾਹਰਵਾਰ ਰਹਿ ਰਿਹਾ ਸੀ, ਹਾਲਾਂਕਿ ਹੁਣ ਪਰਿਵਾਰਕ ਮੈਂਬਰ ਘਰ ਛੱਡ ਕੇ ਕਿਸੇ ਅਣਦੱਸੀ ਥਾਂ 'ਤੇ ਚਲੇ ਗਏ ਹਨ। ਉਸ ਦੇ ਗੁਆਂਢੀਆਂ ਨੂੰ ਵੀ ਪਤਾ ਨਹੀਂ ਕਿ ਉਹ ਕਿੱਥੇ ਗਏ ਹਨ।

 

ਦੱਸ ਦੇਈਏ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਕਥਿਤ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕੀ ਅਧਿਕਾਰੀਆਂ ਨੇ ਕੈਲੀਫੋਰਨੀਆ ਤੋਂ ਹਿਰਾਸਤ 'ਚ ਲੈ ਲਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਬਰਾੜ 2017 'ਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਉਸ ਨੇ 29 ਮਈ ਨੂੰ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਉਦੋਂ ਤੋਂ ਉਹ ਲੁਕਿਆ ਹੋਇਆ ਸੀ। ਸ਼ੱਕ ਹੈ ਕਿ ਉਹ ਖਾਲਿਸਤਾਨ ਪੱਖੀ ਸਮੂਹਾਂ ਦੀ ਮਦਦ ਨਾਲ ਸਿਆਸੀ ਸ਼ਰਨ ਲੈਣ ਲਈ ਅਮਰੀਕਾ ਗਿਆ ਸੀ।