ਚੰਡੀਗੜ੍ਹ: ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਨੇ ਕੈਪਟਨ ਸਰਕਾਰ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਮੰਗਲਵਾਰ ਦੇਰ ਸ਼ਾਮ ਵੀਡੀਓ ਜ਼ਰੀਏ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਿਆ। ਹਰਸਿਮਰਤ ਨੇ ਕਿਹਾ ਕਿ ਕੈਪਟਨ ਸਰਕਾਰ ਫਾਰਮ ਹਾਊਸ ਤੋਂ ਚੱਲ ਰਹ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਚਾਰ ਸਾਲਾਂ ਤੋਂ ਆਈਸੋਲੇਸ਼ਨ 'ਤੇ ਹੀ ਹਨ।


ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ, ਸਿਰਫ਼ ਆਰਡਰ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ 'ਤੇ ਹਾਲਤ ਬਹੁਤ ਮਾੜੀ ਹੈ। ਕੋਰੋਨਾ ਪੰਜਾਬ 'ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ, ਪਰ ਸਰਕਾਰ ਕੇਵਲ ਕਾਗਜ਼ੀ ਹੁਕਮਾਂ ਤੱਕ ਹੀ ਸੀਮਤ ਰਹਿ ਗਈ ਹੈ।


ਇਸੇ ਤਰ੍ਹਾਂ ਕੇਂਦਰ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੀ ਨਹੀਂ, ਸਗੋਂ ਲੋਕ ਵਿਰੋਧੀ ਵੀ ਹੈ। ਉਨ੍ਹਾਂ ਕਿਹਾ ਕਿ 300 ਕਿਸਾਨਾਂ ਦੀ ਜਾਨ ਹੁਣ ਤੱਕ ਜਾ ਚੁੱਕੀ ਹੈ, ਪਰ ਸਰਕਾਰ ਅੜੀਅਲ ਰਵੱਈਆ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਕਾਨੂੰਨਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਨੀਤੀ ਵੀ ਕਿਸਾਨ ਵਿਰੋਧੀ ਹੈ।


ਸਿੱਧੀ ਅਦਾਇਗੀ ਦੇ ਮਾਮਲੇ 'ਚ ਕੈਪਟਨ ਸਰਕਾਰ ਨੇ ਕੇਂਦਰ ਅੱਗੇ ਗੋਡੇ ਟੇਕ ਦਿੱਤੇ ਹਨ, ਜੋ ਮੰਤਰੀ ਉਥੇ ਭੇਜੇ, ਉਹ ਸਿਰਫ਼ ਸ਼ਾਇਰੀ ਕਰਕੇ ਹੀ ਵਾਪਸ ਪਰਤ ਆਏ। ਹਰਸਿਮਰਤ ਨੇ ਕਿਹਾ ਕਿ ਅਜੇ ਬਾਰਦਾਨੇ ਦੀ ਵੱਡੀ ਸਮੱਸਿਆ ਮੂੰਹ ਅੱਡੀ ਖੜ੍ਹੀ ਹੈ, ਜਿਸ ਸਬੰਧੀ ਸਮੇਂ 'ਤੇ ਸੂਬਾ ਸਰਕਾਰ ਨੇ ਕੁੱਝ ਨਹੀਂ ਕੀਤਾ, ਜਿਸ ਕਾਰਨ ਪ੍ਰੇਸ਼ਾਨੀ ਕਿਸਾਨ ਨੂੰ ਹੋਵੇਗੀ।


ਬੇਅਦਬੀ ਮਾਮਲੇ 'ਚ ਬੋਲਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਸਾਡੀ ਇੱਕੋ ਅਰਦਾਸ ਹੈ ਕਿ ਜਿਨ੍ਹਾਂ ਨੇ ਗੁਰੂ ਸਾਹਿਬ 'ਤੇ ਹਮਲੇ ਕੀਤੇ, ਜਿਨ੍ਹਾਂ ਨੇ ਕਰਵਾਏ ਤੇ ਜਿੰਨ੍ਹਾਂ ਨੇ ਇਸ 'ਤੇ ਸਿਆਸਤ ਕੀਤੀ, ਉਨ੍ਹਾਂ ਦਾ ਕੱਖ ਨਾ ਰਹੇ। ਉਨ੍ਹਾਂ ਕਿਹਾ ਕਿ ਹਾਈਕੋਰਟ ਦੀ ਜੱਜਮੈਂਟ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵਿਰੋਧੀ ਪਾਰਟੀਆਂ ਬੇਅਦਬੀ ਮਾਮਲੇ 'ਚ ਸਿਆਸਤ ਕਰਕੇ ਇੱਕ ਪਾਰਟੀ ਤੇ ਇੱਕ ਪਰਿਵਾਰ ਨੂੰ ਸਿਰਫ਼ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਨੂੰ ਬੇਦਅਬੀ ਦਾ ਕੋਈ ਦੁੱਖ ਨਹੀਂ ਸੀ।


ਹਰਸਿਮਰਤ ਬਾਦਲ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਉਪਰੰਤ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫ਼ਾ ਦਿੱਤਾ, ਪਰ ਕੈਪਟਨ ਅਮਰਿੰਦਰ ਸਿੰਘ ਉਸ ਅਸਤੀਫ਼ੇ ਨੂੰ ਮੰਨਣ ਨੂੰ ਤਿਆਰ ਨਹੀਂ, ਇਸ ਤੋਂ ਵੱਡੀ ਮਿਲੀਭੁਗਤ ਕਿੱਥੇ ਸਾਬਤ ਹੋਵੇਗੀ। ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੀ ਮੂੰਹ ਦੀ ਖ਼ਾਣੀ ਪਵੇਗੀ।


ਇਹ ਵੀ ਪੜ੍ਹੋ: Corona symptoms in children: ਕੋਰੋਨਾ ਦੀ ਦੂਜੀ ਲਹਿਰ ਬੱਚਿਆਂ ਲਈ ਘਾਤਕ! ਬੱਚਿਆਂ 'ਚ ਇਹ ਲੱਛਣ ਨਜ਼ਰ ਆਉਣ ’ਤੇ ਤੁਰੰਤ ਕਰੋ ਇਹ ਉਪਾਅ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904