ਪਟਿਆਲਾ: ਲਾਲ ਕਿਲ੍ਹਾ 'ਤੇ 26 ਜਨਵਰੀ ਨੂੰ ਹੋਈ ਹਿੰਸਾ ਦੇ ਮੁਲਜ਼ਮ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਮੁੰਡੀ ਨੂੰ ਚੁੱਕ ਕੇ ਉਸ ਨਾਲ ਮਾਰਕੁੱਟ ਕਰਨ ਦੇ ਮਾਮਲੇ ’ਚ ਪਟਿਆਲਾ ਪੁਲਿਸ ਨੇ ਦਿੱਲੀ ਪੁਲਿਸ ਨੂੰ ਚਿੱਠੀ ਲਿਖ ਕੇ ਮੁਲਜ਼ਮਾਂ ਵਿਰੁੱਧ ‘ਲੋੜੀਂਦੀ ਕਾਰਵਾਈ ਕਰਨ’ ਲਈ ਕਿਹਾ ਹੈ।
ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਉਰਫ਼ ਮੁੰਡੀ ਨੇ ਪਟਿਆਲਾ ਦੇ ਅਰਬਨ ਅਸਟੇਟ ਪੁਲਿਸ ਥਾਣੇ ਦੀ ਪੁਲਿਸ ਟੀਮ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਨੇ 8 ਅਪ੍ਰੈਲ ਨੂੰ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਣ ਸਮੇਂ ਉਸ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਚੁੱਕ ਕੇ ਉਸ ਉੱਪਰ ਤਸ਼ੱਦਦ ਢਾਹੁਣ ਦੇ ਦੋਸ਼ ਲਾਏ ਹਨ।
ਗੁਰਦੀਪ ਸਿੰਘ ਨੇ ਇਹ ਵੀ ਕਿਹਾ ਕਿ ਉਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਉੱਚ ਅਧਿਕਾਰੀਆਂ ਮੂਹਰੇ ਵੀ ਪੇਸ਼ ਕੀਤਾ ਗਿਆ ਤੇ 9 ਅਪ੍ਰੈਲ ਨੂੰ ਉਸ ਨੂੰ ਛੱਡਿਆ ਗਿਆ। ਉਹ 10 ਅਪ੍ਰੈਲ 2021 ਨੂੰ ਬਠਿੰਡਾ ਦੇ ਸਿਵਲ ਹਸਪਤਾਲ’ਚ ਦਾਖਲ ਹੋਇਆ ਸੀ।
ਪਟਿਆਲਾ ਦੇ ਐਸਐਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ, “ਫਿਲਹਾਲ, ਅਸੀਂ ਬਿਆਨ ਅਤੇ ਮੈਡੀਕੋ-ਲੀਗਲ ਰਿਪੋਰਟ ਤੋਂ ਬਾਅਦ ਦਿੱਲੀ ਪੁਲਿਸ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਡੀਸੀਪੀ, ਵਿਸ਼ੇਸ਼ ਸੈੱਲ ਤੇ ਦਿੱਲੀ ਪੁਲਿਸ ਨਾਲ ਸਾਂਝੀ ਕੀਤੀ ਜਾ ਰਹੀ ਹੈ। ਮੁੰਡੀ ਦਾ ਬਿਆਨ ਸਾਡੇ ਕੋਲ ਹੈ।”
ਸੂਤਰਾਂ ਮੁਤਾਬਕ ਪਟਿਆਲਾ ਪੁਲਿਸ ਨੂੰ ਪਟਿਆਲਾ ਦੇ ਆਸਪਾਸ ਦਿੱਲੀ ਪੁਲਿਸ ਦੀ ਕਾਰਵਾਈ ਬਾਰੇ ਨਾ ਤਾਂ ਸੂਚਿਤ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਭਰੋਸੇ ’ਚ ਲਿਆ ਗਿਆ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ, “ਬਠਿੰਡਾ ਤੇ ਪੰਜਾਬ ਪੁਲਿਸ ਨੂੰ ਗੁਰਦੀਪ ਸਿੰਘ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਅਧਿਕਾਰੀਆਂ ਤੇ ਮੀਡੀਆ ਰਿਪੋਰਟਾਂ ਤੋਂ ਕਥਿਤ ਤੌਰ 'ਤੇ ਚੁੱਕਣ ਬਾਰੇ ਪਤਾ ਲੱਗਿਆ।”
ਇਹ ਵੀ ਪੜ੍ਹੋ: Farmers Protest: ਲੌਕਡਾਊਨ ਲੱਗਿਆ ਤਾਂ ਖਤਮ ਹੋ ਜਾਏਗਾ ਕਿਸਾਨ ਅੰਦੋਲਨ? ਰਾਕੇਸ਼ ਟਿਕੈਤ ਦਾ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin