ਨਵੀਂ ਦਿੱਲੀ: ਕੋਰੋਨਾ ਫੈਲੇ ਜਾਂ ਲੌਕਡਾਊਨ ਲੱਗੇ, ਅੰਦੋਲਨਕਾਰੀ ਕਿਸਾਨ ਬਾਰਡਰਾਂ ਤੋਂ ਪਿੱਛੇ ਨਹੀਂ ਹਟਣਗੇ। ਕਿਸਾਨਾਂ ਨੂੰ ਲਾਮਬੰਦ ਕਰਨ ਲਈ ਗਤੀਵਿਧੀਆਂ ਲਗਾਤਾਰ ਜਾਰੀ ਰਹਿਣਗੀਆਂ। ਇਹ ਐਲਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਹੁੰਦੀ ਤਾਂ ਅਜਿਹੀ ਸਥਿਤੀ ਨਾ ਆਉਂਦੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਬੈਠੇ ਕਿਸਾਨਾਂ ’ਚ ਕੋਰੋਨਾ ਦਾ ਕੋਈ ਮਰੀਜ਼ ਨਹੀਂ ਹੈ। ਕੋਰੋਨਾ ਦਾ ਡਰ ਫੈਲਾਇਆ ਜਾ ਰਿਹਾ ਹੈ, ਤਾਂ ਕਿ ਅੰਦੋਲਨ ਨੂੰ ਖਤਮ ਕੀਤਾ ਜਾ ਸਕੇ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, “ਇਹ ਸ਼ਾਹੀਨ ਬਾਗ ਦਾ ਅੰਦੋਲਨ ਨਹੀਂ, ਜਿਸ ਨੂੰ ਕੋਰੋਨਾ ਦਾ ਡਰ ਵਿਖਾ ਕੇ ਹਟਾ ਦਿੱਤਾ ਜਾਵੇਗਾ। ਕਿਸਾਨ ਇਸ ਲੜਾਈ ’ਚ ਡਟੇ ਹੋਏ ਹਨ ਤੇ ਡਟੇ ਰਹਿਣਗੇ। ਜੇ ਸਰਕਾਰ ਰੈਲੀਆਂ ਦੀ ਮਨਜੂਰੀ ਨਹੀਂ ਦੇਵੇਗੀ ਤਾਂ ਵੀ ਉਹ ਹੋਣਗੀਆਂ।” ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਲਾਲ ਕਿਲ੍ਹੇ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਲਾਲ ਕਿਲ੍ਹੇ ਦੀ ਘਟਨਾ ਨੂੰ ਅੰਦੋਲਨ ਨਾਲ ਜੋੜਨਾ ਗਲਤ ਹੈ। ਇਹ ਇਕ ਵੱਖਰਾ ਮੁੱਦਾ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ’ਚ ਸੁਧਾਰ ਨੂੰ ਲੈ ਕੇ ਲਗਾਤਾਰ ਅੰਦੋਲਨ ਹੁੰਦੇ ਰਹੇ ਹਨ। ਫ਼ਰਕ ਸਿਰਫ਼ ਇਹੀ ਹੈ ਕਿ ਪਹਿਲਾਂ ਸਰਕਾਰਾਂ ਸਾਡੀਆਂ ਮੰਗਾਂ ਸੁਣਦੀਆਂ ਸਨ, ਵਿਚਾਰ ਹੁੰਦਾ ਸੀ ਤੇ ਹਾਲਾਤ ਸੁਧਰਦੇ ਸਨ। ਹੁਣ ਅਜਿਹਾ ਨਹੀਂ ਹੈ। ਇਹ ਸਰਕਾਰ ਲੋਕਤੰਤਰੀ ਨਹੀਂ ਹੈ, ਸਗੋਂ ਪੇਸ਼ੇਵਰ ਤਰੀਕਾ ਅਪਣਾਇਆ ਹੋਇਆ ਹੈ। ਸਰਕਾਰ ’ਚ ਕਿਸਾਨੀ ਪਿਛੋਕੜ ਵਾਲੇ ਆਗੂਆਂ ਦੀ ਗਿਣਤੀ ਬਹੁਤ ਘੱਟ ਹੈ।
ਸੰਯੁਕਤ ਕਿਸਾਨ ਮੋਰਚਾ ਗਾਜ਼ੀਪੁਰ ਬਾਰਡਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੂੰ ਕਿਸਾਨਾਂ ’ਚ ਕੋਰੋਨਾ ਫੈਲਣ ਦਾ ਡਰ ਹੈ ਤਾਂ ਉਹ ਕਿਸਾਨਾਂ ਦਾ ਟੀਕਾਕਰਨ ਕਰੇ। ਇਸ ਸਬੰਧੀ ਸਰਕਾਰ ਵੱਲੋਂ ਕੋਈ ਪਹਿਲ ਨਹੀਂ ਕੀਤੀ ਜਾ ਰਹੀ, ਜਦਕਿ ਕਿਸਾਨ ਤਿਆਰ ਹਨ। ਸਰਕਾਰ ਸਿਰਫ਼ ਡਰਾ ਰਹੀ ਹੈ।
ਇਹ ਵੀ ਪੜ੍ਹੋ: Petrol Diesel Prices 14th April: ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਰੇਟਾਂ ਜਾਰੀ, ਚੈੱਕ ਕਰੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin