ਚੰਡੀਗੜ੍ਹ: ਪੰਜਾਬ ਵਿੱਚ ਵੀਕਐਂਡ ਕਰਫਿਊ ਲਗਾਇਆ ਜਾ ਸਕਦਾ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਮੁੱਖ ਮੰਤਰੀ ਹਰ ਹਫ਼ਤੇ ਕੋਰੋਨਾ ਦੀ ਸਮੀਖਿਆ ਕਰਨ ਲਈ ਮੀਟਿੰਗ ਕਰ ਰਹੇ ਹਨ। ਇਸ ਵਾਰ ਬੈਠਕ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ। ਸਮਾਜਿਕ ਦੂਰੀਆਂ ਪ੍ਰਤੀ ਲੋਕਾਂ ਦੀ ਵੱਧ ਰਹੀ ਅਣਗਹਿਲੀ ਦੇ ਮੱਦੇਨਜ਼ਰ ਸਿਹਤ ਵਿਭਾਗ ਇਸ ਹਫ਼ਤੇ ਤੋਂ ਵੀਕਐਂਡ ਲੌਕਡਾਊਨ ਲਗਾਉਣ ਦੀ ਸਿਫਾਰਸ਼ ਕਰੇਗਾ। ਦੱਸ ਦਈਏ ਕਿ ਇਸ ਸਮੇਂ ਸੂਬੇ ਵਿੱਚ ਰਾਤ ਦਾ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੈ, ਪਰ ਇਹ ਪ੍ਰਭਾਵਸ਼ਾਲੀ ਸਿੱਧ ਨਹੀਂ ਹੋ ਰਿਹਾ।
ਸਿਹਤ ਵਿਭਾਗ ਦੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਲੌਕਡਾਊਨ ਲਾਗੂ ਹੋਣ ਤੋਂ ਪ੍ਰਹੇਜ ਕੀਤਾ ਜਾਵੇਗਾ। ਇਸ ਕਰਕੇ ਕੋਰੋਨਾ 'ਤੇ ਨਿਯੰਤਰਣ ਪਾਉਣ ਲਈ ਵੀਕਐਂਡ ਲੌਕਡਾਊਨ ਪ੍ਰਭਾਵਸ਼ਾਲੀ ਤਰੀਕਾ ਸਾਬਤ ਹੋ ਸਕਦਾ ਹੈ। ਹਾਲਾਂਕਿ ਸੂਬੇ ਵਿਚ ਚੱਲ ਰਹੀ ਫਸਲ ਖਰੀਦ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਇਸ ‘ਤੇ ਕੋਈ ਰੋਕ ਨਹੀਂ ਹੋਵੇਗੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸਖ਼ਤੀ ਵਧਾ ਦਿੱਤੀ ਹੈ।ਨਵੇਂ ਹੁਕਮਾਂ ਮੁਤਾਬਿਕ ਰੌਕ ਗਾਰਡਨ ਸੈਲਾਨੀਆਂ ਲਈ ਅਗਲੇ ਹੁਕਮਾਂ ਤੱਕ ਬੰਦ ਰਹੇਗਾ।ਸੁਖਨਾ ਲੇਕ ਦਾ ਇਲਾਕਾ ਵੀ ਵੀਕਐਂਡ ਉੱਤੇ ਬੰਦ ਰਹੇਗਾ।
ਇਸ ਤੋਂ ਇਲਾਵਾ ਨਾਇਟ ਕਰਫਿਊ ਦਾ ਸਮਾਂ ਵੀ ਬਦਲਿਆ ਗਿਆ ਹੈ ਹੁਣ ਰਾਤ 10ਵਜੇ ਤੋਂ ਸਵੇਰ 5 ਵਜੇ ਤੱਕ ਨਾਇਟ ਕਰਫਿਊ ਰਹੇਗਾ।ਇਸ ਦੇ ਨਾਲ ਹੀ ਸਾਰੀ ਗੈਰ ਜ਼ਰੂਰੀ ਆਵਾਜਾਈ ਵੀ ਬੰਦ ਰਹੇਗੀ।ਇਸ ਦੇ ਨਾਲ ਹੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਇਕੱਠ ਦੀ ਸੀਮਾ ਆਊਟਡੋਰ ਵਾਸਤੇ 200 ਅਤੇ ਇਨਡੋਰ ਵਾਸਤੇ 100 ਤੱਕ ਸੀਮਤ ਹੋਵੇਗੀ। ਨਵੇਂ ਨਿਯਮਾਂ ਮੁਤਾਬਿਕ ਸਿਰਫ 50% ਸਮਰੱਥਾ ਨਾਲ ਮਾਲ, ਰੈਸਟੋਰੈਂਟ / ਹੋਟਲ ਰਾਤ ਚੱਲਣਗੇ ਅਤੇ 9:30 ਵਜੇ ਤੱਕ ਬੰਦ ਕਰਨੇ ਪੈਣਗੇ, ਅੱਜ ਰਾਤ 10 ਵਜੇ ਤੋਂ ਇਹ ਆਦੇਸ਼ ਲਾਗੂ ਹੋਣਗੇ।
ਇਹ ਵੀ ਪੜ੍ਹੋ: ਅਫਗਾਨਿਸਤਾਨ ਤੋਂ 11 ਸਤੰਬਰ ਤੱਕ ਵਾਪਸ ਆਉਣਗੇ ਅਮਰੀਕੀ ਸੈਨਿਕ, ਜਾਣੋ ਕੀ ਹੈ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin