ਪਟਿਆਲਾ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਡੋਪ ਟੈਸਟ ਨਾ ਕਰਵਾਉਣ ਦੇ ਮੁੱਦੇ 'ਤੇ ਅਕਾਲੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਤੇ ਬਿਕਰਮਜੀਤ ਮਜੀਠੀਆ ਡੋਪ ਟੈਸਟ ਨਾ ਕਰਵਾਉਣ ਤਾਂ ਉਨ੍ਹਾਂ ਦੀ ਮਰਜ਼ੀ ਹੈ ਕੋਈ ਜ਼ਬਰਦਸਤੀ ਨਹੀਂ ਕਰ ਰਿਹਾ।


ਹਾਲਾਂਕਿ, ਜੰਗਲਾਤ ਮੰਤਰੀ ਨੂੰ ਜਦੋਂ ਆਪਣੇ ਡੋਪ ਟੈਸਟ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਨਿਬੇੜ ਦਿੱਤਾ ਉਹ ਹਰ ਸਮੇਂ ਡੋਪ ਟੈਸਟ ਲਈ ਤਿਆਰ ਹਨ ਜਦੋਂ ਮਰਜੀ ਕਰਵਾ ਲਵੋ। 2019 ਦੀਆਂ ਚੋਣਾਂ ਬਾਰੇ ਬੋਲਦਿਆਂ ਤੇ ਮੰਤਰੀ ਧਰਮਸੋਤ ਨੇ ਕਿਹਾ ਕਿ ਸ਼ਾਹਕੋਟ ਦੇ ਵੋਟਰਾਂ ਨੇ ਅਕਾਲੀ ਦਲ ਦੀ ਪੱਕੀ ਸੀਟ ਕਾਂਗਰਸ ਦੀ ਝੋਲੀ ਵਿੱਚ ਵੱਡੇ ਅੰਤਰ ਤੋਂ ਪਾਈ ਸੀ ਤੇ ਅੱਗੇ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਲੋਕ ਕਾਂਗਰਸ ਦੇ ਹੱਕ ਵਿੱਚ ਫਤਵਾ ਦੇਣਗੇ।

ਨਾਭਾ ਹਲਕੇ ਵਿੱਚ ਪਹੁੰਚੇ ਸਾਧੂ ਸਿੰਘ ਧਰਮਸੋਤ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਦੋ ਸੌ ਰੁਪਏ ਵਧਾਉਣ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਇੱਕ ਮਜ਼ਾਕ ਕੀਤਾ ਹੈ, ਉਹ ਵੀ ਸਾਢੇ ਚਾਰ ਸਾਲ ਬਾਅਦ।

ਧਰਮਸੋਤ ਨੇ ਮੰਗ ਕੀਤੀ ਕਿ ਸਰਕਾਰ ਨੂੰ ਕਣਕ ਤੇ ਝੋਨੇ ਦੇ ਰੇਟ ਵਿੱਚ ਘੱਟੋ-ਘੱਟ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਕਰਨਾ ਚਾਹੀਦਾ ਹੈ ਤੇ ਸਵਾਮੀਨਾਥਨ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ।