ਚੰਡੀਗੜ੍ਹ: ਪਿਛਲੇ ਸਾਲ ਮਈ ਵਿੱਚ ਬੰਦ ਹੋਏ ਗਿਆਨ ਸਾਗਰ ਮੈਡੀਕਲ ਤੇ ਡੈਂਟਲ ਕਾਲਜਾਂ ਨੂੰ ਮੁੜ ਤੋਂ ਖੋਲ੍ਹਿਆ ਜਾ ਸਕਦਾ ਹੈ। ਪੰਜਾਬ ਦੇ ਮੈਡੀਕਲ ਵਿੱਦਿਆ ਤੇ ਖੋਜ ਵਿਭਾਗ (ਡੀਐਮਈਆਰ) ਨੇ ਲੋੜੀਂਦੇ ਸਰਟੀਫ਼ਿਕੇਟਸ ਰਾਹੀਂ ਕਾਲਜ ਵਿੱਚ 100 ਐਮਬੀਬੀਐਸ ਤੇ 100 ਬੀਡੀਐਸ ਦੀਆਂ ਸੀਟਾਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।


ਇਸ ਤੋਂ ਇਲਾਵਾ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀਐਫਯੂਐਚਐਸ) ਨੇ ਸ਼ੁੱਕਰਵਾਰ ਨੂੰ ਦੋਵੇਂ ਕਾਲਜਾਂ ਨੂੰ ਆਰਜ਼ੀ ਮਾਨਤਾ ਵੀ ਦੇ ਦਿੱਤੀ ਹੈ। ਦੋਵਾਂ ਕਾਲਜਾਂ ਨੂੰ ਚਲਾਉਣ ਵਾਲੀ ਗਿਆਨ ਸਾਗਰ ਵਿਦਿਅਕ ਤੇ ਚੈਰੀਟੇਬਲ ਟਰੱਸਟ ਨੂੰ ਪ੍ਰਵਾਨਗੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 10 ਮਈ 2017 ਨੂੰ ਕਾਲਜ ਬੰਦ ਕਰਨ ਦੇ ਹੁਕਮ ਦੇ ਦਿੱਤੇ ਸਨ।

ਬਾਬਾ ਫ਼ਰੀਦ ਯੂਨੀਵਰਸਿਟੀ ਦੇ ਕੁਲਪਤੀ ਡਾ. ਰਾਜ ਬਹਾਦੁਰ ਨੇ ਕਾਲਜਾਂ ਨੂੰ ਆਰਜ਼ੀ ਤੌਰ 'ਤੇ ਮਾਨਤਾ ਦੇਣ ਦੀ ਪੁਸ਼ਟੀ ਕੀਤੀ ਹੈ। ਕਾਲਜ ਬੰਦ ਕਰਨ ਤੋਂ ਪਹਿਲਾਂ ਇੱਥੇ ਪੜ੍ਹਨ ਵਾਲੇ ਬੱਚਿਆਂ ਨੂੰ ਹੋਰਾਂ ਕਾਲਜਾਂ ਵਿੱਚ ਤਬਦੀਲ ਕੀਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਨਵੀਂ ਮਾਨਤਾ ਤਹਿਤ ਇਹ ਕਾਲਜ ਸਿੱਖਿਆ ਦੇਣਾ ਕਦੋਂ ਸ਼ੁਰੂ ਕਰਨਗੇ।