ਚੰਡੀਗੜ੍ਹ: ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਸੂਬੇ ਦੀਆਂ ਪਟੜੀਆਂ ਖ਼ਾਲੀ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਰੇਲਵੇ ਬੋਰਡ ਦੀਆਂ ਜ਼ਰੂਰਤਾਂ ਮੁਤਾਬਕ ਪਟੜੀਆਂ ਉਪਲਬਧ ਕਰਵਾਈਆਂ ਜਾਣ। ਉਨ੍ਹਾਂ ਨੇ ਕਿਸਾਨ ਅੰਦੋਲਨ 'ਤੇ ਪੰਜਾਬ ਸਰਕਾਰ ਨੂੰ ਵੀ ਰਗੜਾ ਲਾਇਆ ਹੈ।
ਇਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਸਦ ਮੈਂਬਰ ਸੰਨੀ ਦਿਓਲ ‘ਰੀਲ ਲਾਈਫ਼’ ਭਾਵ ਫ਼ਿਲਮੀ ਜ਼ਿੰਦਗੀ ’ਚੋਂ ਬਾਹਰ ਆ ਕੇ ‘ਰੀਅਲ ਲਾਈਫ਼’ ਭਾਵ ਅਸਲ ਜ਼ਿੰਦਗੀ ’ਚ ਆਉਣ। ਮੰਤਰੀ ਨੇ ਸੁਆਲ ਕੀਤਾ ਕਿ ਉਹ ਆਪਣਾ ‘ਢਾਈ–ਕਿੱਲੋ ਦਾ ਹੱਥ’ ਕਿਸਾਨਾਂ ਦੇ ਹੱਕ ਵਿੱਚ ਕਦੋਂ ਚੁੱਕਣਗੇ। ਰੰਧਾਵਾ ਨੇ ਕਿਹਾ ਕਿ ਖ਼ੁਦ ਨੂੰ ‘ਧਰਤੀ ਦਾ ਪੁੱਤਰ’ ਅਖਵਾਉਣ ਵਾਲੇ ਸੰਸਦ ਮੈਂਬਰ ਸੰਨੀ ਦਿਓਲ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਥਾਂ ਸਿੱਧੇ ਤੌਰ ਉੱਤੇ ਕਿਸਾਨਾਂ ਦੀ ਦੁਸ਼ਮਣ ਬਣੀ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਹਨ।
ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਇਸ ਸੰਘਰਸ਼ ਲਈ ਰਾਜ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦੇ ਕੇ ਸੰਨੀ ਦਿਓਲ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕਿਸੇ ਦੇ ਲਿਖੇ ਹੋਏ ਡਾਇਲਾਗ ਬੋਲਣ ’ਚ ਹੀ ਮਾਹਿਰ ਹਨ। ਚਾਹੀਦਾ ਤਾਂ ਇਹ ਸੀ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣਦੇ।
ਸੰਨੀ ਦਿਓਲ ਨੇ ਚਿੱਠੀ 'ਚ ਕੀ ਲਿਖਿਆ
ਦੱਸ ਦਈਏ ਕਿ ਸੰਨੀ ਦਿਓਲ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਲੋਕਤੰਤਰ ਵਿੱਚ ਅੰਦੋਲਨ ਕਰਨਾ ਲੋਕਾਂ ਦਾ ਹੱਕ ਹੈ ਪਰ ਇਸ ਕਾਰਨ ਹੋਰ ਨਾਗਰਿਕਾਂ ਦੀ ਆਮਦਨ ਦੇ ਸਾਧਨ ਨਾ ਰੁਕਣ, ਇਹ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ ਤੇ ਇਸ ਮਾਮਲੇ ’ਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਸੰਨੀ ਦਿਓਲ ਨੇ ਅੱਗੇ ਲਿਖਿਆ ਸੀ ਕਿ ਰੇਲ ਆਵਾਜਾਈ ਵਿੱਚ ਵਿਘਨ ਕਾਰਣ ਵੂਲਨ, ਸਪੋਰਟਸ, ਆਟੋ ਪਾਰਟਸ, ਸਾਇਕਲ, ਟੈਕਸਟਾਈਲ ਤੇ ਇਸਪਾਤ ਉਦਯੋਗਾਂ ਵਿੱਚ ਕੱਚਾ ਮਾਲ ਨਾ ਮਿਲਣ ਕਾਰਣ ਕੰਮ ਬੰਦ ਪਿਆ ਹੈ। ਤਿਆਰ ਮਾਲ ਫ਼ੈਕਟਰੀਆਂ ’ਚ ਪਿਆ ਹੈ। ਇਕੱਲੇ ਲੁਧਿਆਣਾ ਦੀ ਡ੍ਰਾਈ ਪੋਰਟ ’ਚ ਲਗਪਗ 15 ਹਜ਼ਾਰ ਕੰਟੇਨਰ ਫਸੇ ਹੋਏ ਹਨ। ਗੱਡੀਆਂ ਬੰਦ ਹੋਣ ਕਾਰਣ ਪ੍ਰਵਾਸੀ ਮਜ਼ਦੂਰਾਂ, ਫ਼ੌਜੀਆਂ ਸਮੇਤ ਆਮ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਆਉਣ-ਜਾਣ ’ਚ ਡਾਢੀ ਔਖ ਪੇਸ਼ ਆ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਸੰਨੀ ਦਿਓਲ ਕਿਸਾਨਾਂ ਦੇ ਹੱਕ ’ਚ ਕਦੋਂ ਚੁੱਕਣਗੇ ਆਪਣਾ ਢਾਈ ਕਿਲੋ ਦਾ ਹੱਥ?
ਏਬੀਪੀ ਸਾਂਝਾ
Updated at:
13 Nov 2020 11:37 AM (IST)
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਸਦ ਮੈਂਬਰ ਸੰਨੀ ਦਿਓਲ ‘ਰੀਲ ਲਾਈਫ਼’ ਭਾਵ ਫ਼ਿਲਮੀ ਜ਼ਿੰਦਗੀ ’ਚੋਂ ਬਾਹਰ ਆ ਕੇ ‘ਰੀਅਲ ਲਾਈਫ਼’ ਭਾਵ ਅਸਲ ਜ਼ਿੰਦਗੀ ’ਚ ਆਉਣ। ਮੰਤਰੀ ਨੇ ਸੁਆਲ ਕੀਤਾ ਕਿ ਉਹ ਆਪਣਾ ‘ਢਾਈ–ਕਿੱਲੋ ਦਾ ਹੱਥ’ ਕਿਸਾਨਾਂ ਦੇ ਹੱਕ ਵਿੱਚ ਕਦੋਂ ਚੁੱਕਣਗੇ।
- - - - - - - - - Advertisement - - - - - - - - -