ਸੰਗਰੂਰ: ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਦਿੱਤੇ ਗਏ ਵਿਵਾਦਤ ਬਿਆਨ ਬਾਰੇ ਟਿੱਪਣੀ ਕਰਨ ਵਿੱਚ ਹੁਣ ਉਨ੍ਹਾਂ ਦੇ ਸਾਥੀ ਮੰਤਰੀ ਤੇ ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਵੀ ਆਪਣਾ ਯੋਗਦਾਨ ਪਾ ਦਿੱਤਾ ਹੈ। ਸਿੰਗਲਾ ਨੇ ਕੈਪਟਨ ਦਾ ਪੱਖ ਪੂਰਦਿਆਂ ਦਾਅਵਾ ਕੀਤਾ ਹੈ ਕਿ ਸਿੱਧੂ ਦੇ ਬਿਆਨ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ।

ਸਿੰਗਲਾ ਨੇ ਕਿਹਾ ਕਿ ਜੇਕਰ ਸਿੱਧੂ ਦੇ ਮਨ ਵਿੱਚ ਕੋਈ ਗੱਲ ਸੀ ਤਾਂ ਉਸ ਨੂੰ ਪਾਰਟੀ ਹਾਈਕਮਾਨ ਸਾਹਮਣੇ ਰੱਖਣਾ ਚਾਹੀਦਾ ਸੀ ਨਾ ਕਿ ਮੀਡੀਆ ਵਿੱਚ ਜਾਣਾ ਚਾਹੀਦਾ ਸੀ। ਮੰਤਰੀ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਸਟਾਰ ਪ੍ਰਚਾਰਕ ਹਨ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹੀ ਵਜ਼ੀਰ ਹਨ, ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ 'ਤੇ ਵਿਸ਼ਵਾਸ ਹੋਣਾ ਚਾਹੀਦਾ ਸੀ।

ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਬੀਤੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ 17 ਮਈ ਨੂੰ ਬਠਿੰਡਾ ਵਿੱਚ ਰਾਜਾ ਵੜਿੰਗ ਦੇ ਪੱਖ ਵਿੱਚ ਰੈਲੀ ਦੌਰਾਨ ਲੋਕਾਂ ਨੂੰ ਕਿਹਾ ਸੀ ਕਿ ਇਨ੍ਹਾਂ ਫਰੈਂਡਲੀ ਮੈਚ ਖੇਡਣ ਵਾਲਿਆਂ ਨੂੰ ਠੋਕ ਦਿਓ ਤੇ ਮੇਰੇ ਭਰਾ (ਰਾਜਾ ਵੜਿੰਗ) ਨੂੰ ਜਿਤਾ ਦਿਓ।

ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਸੀ ਕਿ ਨਵਜੋਤ ਸਿੱਧੂ ਦੀ ਅੱਖ ਸੀਐਮ ਦੀ ਕੁਰਸੀ 'ਤੇ ਹੈ, ਇਸ ਲਈ ਉਹ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ। ਇਸ ਮਗਰੋਂ ਕੈਪਟਨ ਦੇ ਕਈ ਵਜ਼ੀਰਾਂ ਨੇ ਸਿੱਧੂ ਖ਼ਿਲਾਫ਼ ਤੋਪਾਂ ਬੀੜ ਲਈਆਂ ਹਨ ਤੇ ਸ਼ਬਦੀ ਬੰਬਾਰੀ ਸ਼ੁਰੂ ਕਰ ਦਿੱਤੀ ਹੈ। ਹੁਣ ਭਲਕੇ ਚੋਣ ਨਤੀਜਿਆਂ ਤੋਂ ਬਾਅਦ ਕੈਪਟਨ-ਸਿੱਧੂ ਵਿਵਾਦ ਨਵਾਂ ਰੂਪ ਲੈ ਸਕਦਾ ਹੈ।