ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਇਸ ਨਾਲ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ। ਕੈਪਟਨ ਨੇ ਵੀਰਵਾਰ ਨੂੰ ਆਪਣੀ ਸ਼ਕਤੀ ਪ੍ਰਦਰਸ਼ਨ ਕਰਕੇ ਸਿੱਧੂ ਧੜੇ ਤੇ ਹਾਈਕਮਾਨ ਨੂੰ ਦੱਸ ਦਿੱਤਾ ਹੈ ਕਿ ਅਜੇ ਉਨ੍ਹਾਂ ਦਾ ਝੰਡਾ ਬਰਕਰਾਰ ਹੈ।


ਉਧਰ, ਕੈਪਟਨ ਨੂੰ ਹਟਾਉਣ ਦੀ ਜਨਤਕ ਤੌਰ 'ਤੇ ਮੰਗ ਕਰਨ ਵਾਲੇ ਚਾਰ ਮੰਤਰੀਆਂ ਵਿੱਚੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁੱਖ ਸਰਕਾਰੀਆ ਦੇ ਰਵੱਈਏ ਵਿੱਚ ਕੋਈ ਬਦਲਾਅ ਨਹੀਂ ਆਇਆ, ਭਾਵੇਂ ਇੱਕ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰੁਝਾਨ ਵੀਰਵਾਰ ਨੂੰ ਕੁਝ ਨਰਮ ਦਿਖਾਈ ਦਿੱਤਾ।


ਚੰਨੀ ਨੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਸੱਦੀ ਗਈ ਪੰਜਾਬ ਮੰਤਰੀ ਮੰਡਲ ਦੀ ਵਰਚੁਅਲ ਮੀਟਿੰਗ ਵਿੱਚ ਨਾ ਸਿਰਫ ਹਿੱਸਾ ਲਿਆ, ਸਗੋਂ ਕੈਪਟਨ ਸਰਕਾਰ ਵੱਲੋਂ ਐਸਸੀ-ਐਸਟੀ ਰਿਣੀਆਂ ਦੀ ਕਰਜ਼ਾ ਮੁਆਫ਼ੀ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਲਈ ਲਏ ਗਏ ਫੈਸਲਿਆਂ ਦੀ ਵੀ ਸ਼ਲਾਘਾ ਕੀਤੀ। ਚਰਨਜੀਤ ਚੰਨੀ ਇਸ ਵੇਲੇ ਉਪਰੋਕਤ ਤਿੰਨ ਮੰਤਰੀਆਂ ਦੇ ਨਾਲ ਪਾਰਟੀ ਹਾਈ ਕਮਾਂਡ ਨੂੰ ਮਿਲਣ ਲਈ ਦਿੱਲੀ ਵਿੱਚ ਡੇਰਾ ਲਾਈ ਬੈਠੇ ਹਨ। ਉੱਥੋਂ ਉਨ੍ਹਾਂ ਨੇ ਕੈਬਨਿਟ ਮੀਟਿੰਗ ਵਿੱਚ ਹਿੱਸਾ ਲਿਆ ਜਦੋਂਕਿ ਬਾਕੀ ਤਿੰਨ ਮੰਤਰੀ ਇਸ ਮੀਟਿੰਗ ਤੋਂ ਦੂਰ ਰਹੇ।


ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਕਹਿਣ 'ਤੇ ਪੰਜਾਬ ਕਾਂਗਰਸ ਭਵਨ ਵਿਖੇ ਡਿਊਟੀ ਲਈ ਤਿਆਰ ਕੀਤੇ ਮੰਤਰੀਆਂ ਦੇ ਰੋਸਟਰ ਅਨੁਸਾਰ ਵੀਰਵਾਰ ਨੂੰ ਤ੍ਰਿਪਤ ਬਾਜਵਾ ਨੇ ਚੰਡੀਗੜ੍ਹ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਭੇਜਿਆ ਜਾਣਾ ਸੀ। ਕਾਂਗਰਸ ਭਵਨ ਵਿੱਚ ਬੈਠ ਕੇ ਉਨ੍ਹਾਂ ਪਾਰਟੀ ਵਰਕਰਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਸਨ ਪਰ ਉਹ ਕਾਂਗਰਸ ਭਵਨ ਪਹੁੰਚਣ ਦੀ ਬਜਾਏ ਦਿੱਲੀ ਪਹੁੰਚ ਗਏ, ਜਿੱਥੇ ਬਾਕੀ ਤਿੰਨ ਮੰਤਰੀਆਂ ਦੇ ਨਾਲ ਉਨ੍ਹਾਂ ਦਾ ਵੀ ਹਾਈਕਮਾਂਡ ਕੋਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਕਰਨ ਦੀ ਯੋਜਨਾ ਹੈ।


ਇਸ ਦੌਰਾਨ, ਦਿੱਲੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਚਾਰਾਂ ਮੰਤਰੀਆਂ ਨੂੰ ਹਾਲੇ ਪਾਰਟੀ ਪ੍ਰਧਾਨ ਨੂੰ ਮਿਲਣ ਲਈ ਸਮਾਂ ਨਹੀਂ ਮਿਲਿਆ। ਫਿਰ ਵੀ, ਚਾਰ ਮੰਤਰੀਆਂ ਦੇ ਸਾਹਮਣੇ ਨਵੀਂ ਸਮੱਸਿਆ ਇਹ ਹੈ ਕਿ ਹਾਈਕਮਾਂਡ ਪਹਿਲਾਂ ਹੀ ਪਿਛਲੇ 24 ਘੰਟਿਆਂ ਦੌਰਾਨ ਕੈਪਟਨ ਨੂੰ ਆਪਣੀ ਮੁਕੰਮਲ ਹਮਾਇਤ ਦਾ ਐਲਾਨ ਕਰ ਚੁੱਕੀ ਹੈ ਤੇ ਹਰੀਸ਼ ਰਾਵਤ ਨੇ ਵੀ ਹਾਈਕਮਾਂਡ ਦੀ ਇੱਛਾ ਅਨੁਸਾਰ ਹੀ ਐਲਾਨ ਕੀਤਾ ਹੈ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਹੇਠ ਹੀ ਹੋਣਗੀਆਂ।


ਵੀਰਵਾਰ ਨੂੰ ਹਰੀਸ਼ ਰਾਵਤ ਨੇ ਵਿਰੋਧੀ ਕੈਂਪ ਦੇ ਨੇਤਾ ਤੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਤੰਬੀਹ ਕਰਦਿਆਂ ਸਲਾਹਕਾਰਾਂ ਨੂੰ ਤੁਰੰਤ ਹਟਾਉਣ ਦੇ ਆਦੇਸ਼ ਵੀ ਦਿੱਤੇ ਹਨ। ਇਸ ਤਰ੍ਹਾਂ ਹਾਈਕਮਾਂਡ ਵੀ ਨਵਜੋਤ ਸਿੱਧੂ ਤੋਂ ਨਾਰਾਜ਼ ਹੈ ਤੇ ਵਿਧਾਇਕ ਵਿਰੋਧੀ ਕੈਂਪ ਤੋਂ ਟੁੱਟ ਕੇ ਲਗਾਤਾਰ ਕੈਪਟਨ-ਪੱਖੀ ਕੈਂਪ ਵੱਲ ਪਰਤ ਰਹੇ ਹਨ। ਇਸ ਦੇ ਨਾਲ ਹੀ ਚਰਨਜੀਤ ਚੰਨੀ ਦੇ ਰੁਖ਼ ਨੂੰ ਨਰਮ ਕਰਨ ਨਾਲ ਬਾਕੀ ਤਿੰਨ ਮੰਤਰੀਆਂ ਦੀ ਚਿੰਤਾ ਹੋਰ ਵਧ ਗਈ ਹੈ।